Baisakhi 2022: ਪੰਜਾਬ ਭਰ 'ਚ ਮਨਾਈ ਜਾ ਰਹੀ ਵਿਸਾਖੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਉਮੜੀ ਭੀੜ
ਅੱਜ ਪੰਜਾਬ ਭਰ 'ਚ ਬੜੇ ਹੀ ਉਤਸ਼ਾਹ ਨਾਲ ਵਿਸਾਖੀ ਮਨਾਈ ਜਾ ਰਹੀ ਹੈ। ਸਵੇਰ ਤੋਂ ਹੀ ਗੁਰਦੁਆਰਿਆਂ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਵੱਡੇ ਪੱਧਰ 'ਤੇ ਭੀੜ ਉਮੜੀ ਹੈ।
Baisakhi 2022: ਅੱਜ ਪੰਜਾਬ ਭਰ 'ਚ ਬੜੇ ਹੀ ਉਤਸ਼ਾਹ ਨਾਲ ਵਿਸਾਖੀ ਮਨਾਈ ਜਾ ਰਹੀ ਹੈ। ਸਵੇਰ ਤੋਂ ਹੀ ਗੁਰਦੁਆਰਿਆਂ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਵੱਡੇ ਪੱਧਰ 'ਤੇ ਭੀੜ ਉਮੜੀ ਹੈ। ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸੰਗਤਾਂ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਣ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ ਵੀ 1 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਅੱਜ ਰਾਤ ਤੱਕ 2 ਲੱਖ ਦੇ ਕਰੀਬ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਅਨੁਮਾਨ ਹੈ। ਅੱਜ ਸਵੇਰੇ 4 ਵਜੇ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ‘ਸਤਿਨਾਮ ਵਾਹਿਗੁਰੂ’ ਦੇ ਜੈਕਾਰਿਆਂ ਨਾਲ ਦਰਵਾਜ਼ੇ ਖੁੱਲ੍ਹਦੇ ਹੀ ਸੰਗਤਾਂ ਨੇ ਗੁਰੂਘਰ ਵਿੱਚ ਮੱਥਾ ਟੇਕਿਆ। ਭੀੜ ਇੰਨੀ ਜ਼ਿਆਦਾ ਹੈ ਕਿ ਲੋਕਾਂ ਨੂੰ ਗੁਰੂਘਰ ਵਿਚ ਦਾਖਲ ਹੋਣ ਲਈ ਵੀ ਜੱਦੋ-ਜਹਿਦ ਕਰਨੀ ਪਈ ਹੈ।
ਪਰਿਕਰਮਾ ਵਿੱਚ ਹਰ ਪਾਸੇ ਸ਼ਰਧਾਲੂ ਨਜ਼ਰ ਆ ਰਹੇ ਹਨ। ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਭੀੜ ਵਧਦੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਦਾ ਖਿਆਲ ਰੱਖਦਿਆਂ ਪਰਿਕਰਮਾ ਵਿੱਚ ਟੈਂਟਾਂ ਅਤੇ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗਰਮੀ ਕਾਰਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਸਾਰੇ ਹੋਟਲ ਭਰੇ ਹੋਏ ਹਨ। ਵਿਸਾਖੀ ਦੇ ਅਗਲੇ ਹੀ ਦਿਨ ਗੁੱਡ ਫਰਾਈਡੇ ਦੀ ਸਰਕਾਰੀ ਛੁੱਟੀ ਦੇ ਐਲਾਨ ਦੇ ਨਾਲ ਹੀ ਅੰਮ੍ਰਿਤਸਰ 'ਚ ਸ਼ਰਧਾਲੂਆਂ ਦੀ ਗਿਣਤੀ ਵਧ ਗਈ ਹੈ। ਇੰਨਾ ਹੀ ਨਹੀਂ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਸਾਰੀਆਂ ਸਰਾਵਾਂ ਦੇ ਕਮਰੇ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਹਨ।
ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਲੋਕਾਂ ਨੇ ਵਿਸਾਖੀ ਦੇ ਦਿਹਾੜੇ ਦੀ ਸ਼ੁਰੂਆਤ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਕੀਤੀ। ਦੁੱਖ ਭੰਜਨੀ ਬੇਰੀ ਨੇੜੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਸੀ। ਸਵੇਰੇ-ਸਵੇਰੇ ਔਰਤਾਂ ਨੂੰ ਇਸ਼ਨਾਨ ਘਰ ਜਾਣ ਲਈ ਲਗਪਗ ਅੱਧੇ ਘੰਟੇ ਤੋਂ ਵੱਧ ਸਮਾਂ ਇੰਤਜ਼ਾਰ ਕਰਨਾ ਪਿਆ।
ਵਿਸਾਖੀ ਦੇ ਸ਼ੁਭ ਮੌਕੇ 'ਤੇ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੱਜ ਲੰਗਰ ਵਿੱਚ ਦਾਲ ਫੁਲਕੇ ਦੇ ਪ੍ਰਸ਼ਾਦ ਤੋਂ ਇਲਾਵਾ ਮਠਿਆਈਆਂ ਵੀ ਵਰਤਾਈਆਂ ਜਾ ਰਹੀਆਂ ਹਨ। ਖੀਰ ਅਤੇ ਜਲੇਬੀਆਂ ਆਦਿ ਪਰੋਸਣ ਦੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਹਨ। ਭੀੜ ਨੂੰ ਦੇਖਦੇ ਹੋਏ ਨਵੇਂ ਬਣੇ ਹਾਲ ਨੂੰ ਵੀ ਸ਼ਰਧਾਲੂਆਂ ਲਈ ਤਿਆਰ ਕਰਵਾਇਆ ਗਿਆ ਹੈ।