'ਆਪ' 'ਚ ਬਗਾਵਤ! ਕੈਬਨਿਟ ਮੰਤਰੀ ਬਲਜੀਤ ਕੌਰ ਖਿਲਾਫ ਪਾਰਟੀ ਵਰਕਰਾਂ ਨੇ ਖੋਲ੍ਹਿਆ ਮੋਰਚਾ, ਜਾਣੋ ਕਾਰਨ
Punjab News: ਪੰਜਾਬ ਸਰਕਾਰ ਦੀ ਮੰਤਰੀ ਬਲਜੀਤ ਕੌਰ ਨੂੰ ਪਾਰਟੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਆਪ’ ਵਰਕਰਾਂ ਨੇ ਬਲਜੀਤ ਕੌਰ ਖ਼ਿਲਾਫ਼ ਧਰਨਾ ਸ਼ੁਰੂ ਕਰ ਦਿੱਤਾ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
AAP Punjab: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇੱਕ ਨਵੀਂ ਮੁਸੀਬਤ ਵਿੱਚ ਫਸ ਗਈ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਗਵੰਤ ਮਾਨ ਦੀ ਸਰਕਾਰ 'ਚ ਮੰਤਰੀ ਬਲਜੀਤ ਕੌਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ।
ਇਸ ਤੋਂ ਨਾਰਾਜ਼ 'ਆਪ' ਵਰਕਰਾਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਬਾਹਰ ਧਰਨਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਬਲਜੀਤ ਕੌਰ ਨੇ ਪਾਰਟੀ ਵਰਕਰਾਂ ਨੂੰ ਘਰ ਦੇ ਅੰਦਰ ਆ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਸੀ ਪਰ ਧਰਨੇ ’ਤੇ ਬੈਠੇ ਵਰਕਰਾਂ ਨੇ ਸਪੱਸ਼ਟ ਕੀਤਾ ਕਿ ਗੱਲਬਾਤ ਬਾਹਰ ਲੋਕਾਂ ਵਿਚਾਲੇ ਹੀ ਹੋਵੇਗੀ।
ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹੇ ਗਏ ਮੋਰਚੇ ਵਿੱਚ ‘ਆਪ’ ਦੇ ਮਲੋਟ ਬਲਾਕ ਪ੍ਰਧਾਨ ਵਿਜੇ ਬਾਬੂ ਤੇ ਯੂਥ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਹਿਲ ਵੀ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ, ‘‘ਬਲਜੀਤ ਕੌਰ ਨੂੰ ਕੁਝ ਲੋਕਾਂ ਨੇ ਘੇਰ ਲਿਆ ਹੈ। ਇਨ੍ਹਾਂ ਵਿੱਚੋਂ ਬਹੁਤੇ ਲੋਕ ਕਾਂਗਰਸ ਤੇ ਅਕਾਲੀ ਦਲ ਤੋਂ ਆਏ ਹਨ। ਕੁਝ ਹੋਰ ਪਾਰਟੀਆਂ ਤੋਂ ਆਏ ਹਨ ਤੇ ਉਹ ਮਲੋਟ ਦੇ ਪਾਰਟੀ ਮਾਮਲਿਆਂ ਵਿੱਚ ਦਖਲ ਦੇ ਰਹੇ ਹਨ।"
ਧਰਨੇ ’ਤੇ ਬੈਠੇ ਵਰਕਰਾਂ ਨੇ ਦੋਸ਼ ਲਾਇਆ, ‘‘ਕੈਬਨਿਟ ਮੰਤਰੀ ਨੂੰ ਸਾਡੇ ਪ੍ਰਧਾਨਾਂ ਦਾ ਨਾਂ ਤੱਕ ਨਹੀਂ ਪਤਾ। ਅਸੀਂ ਆਪਣਾ ਵਿਰੋਧ ਜਾਰੀ ਰੱਖਾਂਗੇ। ਜਦੋਂ ਤੱਕ ਮੰਤਰੀ ਤੇ ਸਾਡੇ ਸੀਨੀਅਰ ਆਗੂ ਇਸ ਮੁੱਦੇ ਨੂੰ ਜਨਤਕ ਤੌਰ 'ਤੇ ਸਾਡੇ ਨਾਲ ਨਹੀਂ ਵਿਚਾਰਦੇ, ਉਦੋਂ ਤੱਕ ਸਾਡਾ ਧਰਨਾ ਜਾਰੀ ਰਹੇਗਾ।"
ਡਾ. ਬਲਜੀਤ ਕੌਰ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇਕਰ ਕੁਝ ਲੋਕ ਨਾਰਾਜ਼ ਹਨ ਤਾਂ ਅਸੀਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ। ਅਜਿਹਾ ਨਹੀਂ ਹੈ ਕਿ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਜ਼ਿਆਦਾ ਥਾਂ ਮਿਲ ਰਹੀ ਹੈ। ਅਸੀਂ ਪਹਿਲਾਂ ਵੀ ਕਿਹਾ ਹੈ ਕਿ ‘ਆਪ’ ਦੀ ਜਿੱਤ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀ ਦਿੱਤੀ ਜਾਵੇਗੀ।''
ਇਹ ਵੀ ਪੜ੍ਹੋ: Share Market Opening: ਭਾਰਤੀ ਬਾਜ਼ਾਰ 'ਚ ਉਥਲ-ਪੁਥਲ, ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ