(Source: ECI/ABP News/ABP Majha)
Punjab News: ਪੰਜਾਬ 'ਚ ਪੰਜਾਬੀ ਬੋਲਣ 'ਤੇ ਬੈਨ? ਲੱਖਾ ਸਿਧਾਣਾ ਨੂੰ ਹਿਰਾਸਤ 'ਚ ਲੈਣ ਮਗਰੋਂ ਛਿੜੀ ਚਰਚਾ
ਇੱਥੇ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਪੁਲਿਸ ਨੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਕਨਵੀਨਰ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਉਸ ਦੇ ਸਮਰਥਕਾਂ ਨੂੰ ਸਕੂਲ ਮੂਹਰੇ ਧਰਨੇ ਦੌਰਾਨ ਹਿਰਾਸਤ ਵਿੱਚ ਲੈ ਲਿਆ।
Lakha Sidhana: ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਅੱਖੋਂ ਓਹਲੇ ਕਰਨ ਦਾ ਮਾਮਲਾ ਮੁੜ ਗਰਮਾ ਗਿਆ ਹੈ। ਸਮਾਜ ਸੇਵੀ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਚਰਚਾ ਛਿੜੀ ਹੈ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਨਾ ਦੇਣ ਵਾਲੇ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੀ। ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੱਤੀ ਜਾਂਦੀ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ।
ਅਜਿਹਾ ਹੀ ਮਾਮਲਾ ਰਾਮਪੁਰਾ ਫੂਲ ਮੰਡੀ ਦੇ ਸਰਵ ਹਿੱਤਕਾਰੀ ਸਕੂਲ ਵਿੱਚ ਸਾਹਮਣੇ ਆਇਆ। ਇੱਥੇ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਪੁਲਿਸ ਨੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਕਨਵੀਨਰ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਉਸ ਦੇ ਸਮਰਥਕਾਂ ਨੂੰ ਸਕੂਲ ਮੂਹਰੇ ਧਰਨੇ ਦੌਰਾਨ ਹਿਰਾਸਤ ਵਿੱਚ ਲੈ ਲਿਆ। ਲੱਖਾ ਸਿਧਾਣਾ ਨੂੰ ਥਾਣਾ ਨੰਦਗੜ੍ਹ ਵਿੱਚ ਰੱਖਿਆ ਗਿਆ ਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।
ਦਰਅਸਲ ਮੰਗਲਵਾਰ ਨੂੰ ਲੱਖਾ ਸਿਧਾਣਾ ਤੇ ਪਰਮਿੰਦਰ ਸਿੰਘ ਝੋਟਾ ਨੇ ਆਪਣੇ ਸਮਰਥਕਾਂ ਸਣੇ ਸਰਵ ਹਿੱਤਕਾਰੀ ਸਕੂਲ ਵਿੱਚ ਜਾ ਕੇ ਪ੍ਰਿੰਸੀਪਲ ਦਾ ਘਿਰਾਓ ਕੀਤਾ ਸੀ। ਲੱਖਾ ਸਿਧਾਣਾ ਨੇ ਦੋਸ਼ ਲਾਇਆ ਸੀ ਕਿ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ ਤੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨਾ ਲਾਇਆ ਜਾ ਰਿਹਾ ਹੈ। ਉਸ ਨੇ ਦਾਆਵਾ ਕੀਤਾ ਸੀ ਕਿ ਸਕੂਲ ਆਰਐਸਐਸ ਦੀ ਵਿਚਾਰਧਾਰਾ ਅਨੁਸਾਰ ਚਲਾਇਆ ਜਾ ਰਿਹਾ ਹੈ ਜਿਸ ਦੀ ਗਵਾਹੀ ਦਫ਼ਤਰ ਅੰਦਰ ਆਰਐਸਐਸ ਆਗੂਆਂ ਦੀਆਂ ਤਸਵੀਰਾਂ ਭਰਦੀਆਂ ਹਨ।
ਇਸ ਲਈ ਸਕੂਲ ਪ੍ਰਬੰਧਕਾਂ ਖ਼ਿਲਾਫ਼ ਲੱਖਾ ਸਿਧਾਣਾ ਨੇ ਆਪਣੇ ਸਮਰਥਕਾਂ ਨਾਲ ਸਕੂਲ ਅੱਗੇ ਧਰਨਾ ਲਾ ਦਿੱਤਾ। ਇਸ ਦੌਰਾਨ ਧਰਨੇ ਵਾਲੀ ਥਾਂ ’ਤੇ ਪੁੱਜੇ ਰਾਮਪੁਰਾ ਫੂਲ ਸਬ-ਡਿਵੀਜ਼ਨ ਦੇ ਡੀਐਸਪੀ ਮੋਹਿਤ ਅਗਰਵਾਲ ਨੇ ਲੱਖਾ ਸਿਧਾਣਾ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਤੋਂ ਰੋਕਿਆ ਪਰ ਲੱਖਾ ਸਿਧਾਣਾ ਵੱਲੋਂ ਪੰਜਾਬੀ ਮਾਂ ਬੋਲੀ ਦਾ ਪੱਖ ਪੂਰਦਿਆਂ ਪੁਲਿਸ ਅਧਿਕਾਰੀ ਨਾਲ ਬਹਿਸ ਵੀ ਕੀਤੀ ਗਈ। ਮਾਮਲਾ ਭਖਦਾ ਦੇਖ ਪੁਲਿਸ ਨੇ ਲੱਖਾ ਸਿਧਾਣਾ ਤੇ ਉਸ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।