ਜਜ਼ਬੇ ਨੂੰ ਸਲਾਮ! ਦੁੱਖਾਂ ਦੇ ਪਹਾੜ ਥੱਲੇ ਦੱਬਿਆਂ ਵੀ ਚੜ੍ਹਦੀ ਕਲਾ 'ਚ ਮੁਸਕਾਨ, ਡਾਕਟਰ ਬਣ ਕਰਨਾ ਚਾਹੁੰਦੀ ਲੋਕਾਂ ਦੀ ਸੇਵਾ
ਮੁਸਕਾਨ ਦਾ ਕਹਿਣਾ ਹੈ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ ਤਾਂ ਕਿ ਉਹ ਗਰੀਬ ਤੇ ਜਰੂਰਤਮੰਦ ਲੋਕਾਂ ਦਾ ਫਰੀ ਇਲਾਜ ਕਰ ਸਕੇ। ਉਹ ਆਪਣੇ ਘਰ ਦੇ ਦੁੱਖ ਭਰੇ ਹਾਲਾਤ ਨੂੰ ਵੀ ਹੱਸ ਕੇ ਝੱਲ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।
ਬਰਨਾਲਾ: ਕਸਬਾ ਧਨੌਲਾ ਦੀ 19 ਸਾਲਾ ਮੁਸਕਾਨ ਆਪਣੀ ਜਿੰਦਗੀ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ। ਉਸ ਦੇ ਹਾਲਾਤ ਉਸ ਦਾ ਸਾਥ ਨਹੀਂ ਦੇ ਰਹੇ। ਤਕਰੀਬਨ ਡੇਢ ਸਾਲ ਕੋਮਾ ਵਿੱਚ ਰਹਿ ਚੁੱਕੀ ਤੇ ਮੌਤ ਦੀ ਲੜਾਈ ਲੜ ਰਹੀ ਮੁਸਕਾਨ ਵਾਪਸ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁਸਕਾਨ ਦੇ ਪਿਤਾ ਫਲ-ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਤਿੰਨ ਸਾਲ ਪਹਿਲਾਂ ਉਨ੍ਹਾਂ ਨੂੰ ਹਾਰਟ ਅਟੈਕ ਦੇ ਬਾਅਦ ਅਧਰੰਗ ਦਾ ਅਟੈਕ ਹੋਇਆ, ਜਿਸ ਵਜ੍ਹਾ ਕਰਕੇ ਉਹ ਕੰਮ ਨਹੀਂ ਕਰ ਪਾਏ। ਉਸੇ ਦੌਰਾਨ ਮੁਸਕਾਨ ਜੋ ਪੜ੍ਹਾਈ ਵਿੱਚ ਚੰਗੀ ਸੀ, ਪਿਤਾ ਦੇ ਰੋਗ ਦੇ ਸਦਮੇ ਵਿੱਚ ਬੀਮਾਰ ਹੋਈ। ਉਸ ਦੇ ਬ੍ਰੇਨ ਵਿੱਚ ਕੋਈ ਦਿੱਕਤ ਦੀ ਵਜ੍ਹਾ ਨਾਲ ਉਹ ਤਕਰੀਬਨ ਡੇਢ ਸਾਲ ਕੋਮਾ ਵਿੱਚ ਚੱਲੀ ਗਈ। ਡਾਕਟਰ ਨੇ ਵੀ ਇੱਕ ਵਾਰ ਤਾਂ ਮੁਸਕਾਨ ਦੀ ਹਾਲਤ ਨੂੰ ਵੇਖ ਕੇ ਜਵਾਬ ਦੇ ਦਿੱਤਾ। ਰੋਗ ਦੌਰਾਨ ਮੁਸਕਾਨ ਦਾ ਭਾਰ 58 ਕਿੱਲੋ ਤੋਂ 10 ਕਿੱਲੋ ਰਹਿ ਗਿਆ ਪਰ ਮੁਸਕਾਨ ਦੀ ਜਿਉਣ ਦੀ ਚਾਹਤ ਤੇ ਹਿੰਮਤ ਨੇ ਜਵਾਬ ਨਹੀਂ ਦਿੱਤਾ।
ਲੰਮੀ ਬੀਮਾਰੀ ਦੇ ਬਾਅਦ ਹੁਣ ਮੁਸਕਾਨ ਕੁਝ ਠੀਕ ਹੈ ਪਰ ਆਪਣੇ ਪੈਰਾਂ ਉੱਤੇ ਚੱਲ-ਫਿਰ ਨਹੀਂ ਸਕਦੀ। ਮੁਸਕਾਨ ਜ਼ਮੀਨ ਉੱਤੇ ਘਿਸੜ ਕੇ ਚੱਲਦੀ ਹੈ ਤੇ ਵਹੀਲ ਚੇਅਰ ਉੱਤੇ ਆਪਣੀ ਜਿੰਦਗੀ ਕੱਟ ਰਹੀ ਹੈ। ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦੀ ਹਿੰਮਤ ਜੁਟਾ ਰਹੀ ਹੈ। ਆਪਣੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹੈ ਤੇ ਜਿਆਦਾਤਰ ਸਮਾਂ ਮੁਸਕਾਨ ਦਾ ਮੈਡੀਕਲ ਦੀਆਂ ਕਿਤਾਬਾਂ ਪੜ੍ਹਨ ਵਿੱਚ ਗੁਜਰ ਰਿਹਾ ਹੈ। ਇਹ ਦਰਦ ਭਰੀ ਦਾਸਤਾਨ ਸੁਣਨ ਮਗਰੋਂ ਐਸਡੀਐਮ ਬਰਨਾਲਾ ਨੇ ਮੁਸਕਾਨ ਦਾ ਖੁਦ ਹਾਲ ਜਾਣਿਆ ਤੇ ਮਦਦ ਦਾ ਭਰੋਸਾ ਦਿੱਤਾ ਹੈ।
ਮੁਸਕਾਨ ਦਾ ਕਹਿਣਾ ਹੈ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ ਤਾਂ ਕਿ ਉਹ ਗਰੀਬ ਤੇ ਜਰੂਰਤਮੰਦ ਲੋਕਾਂ ਦਾ ਫਰੀ ਇਲਾਜ ਕਰ ਸਕੇ। ਉਹ ਆਪਣੇ ਘਰ ਦੇ ਦੁੱਖ ਭਰੇ ਹਾਲਾਤ ਨੂੰ ਵੀ ਹੱਸ ਕੇ ਝੱਲ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।
ਬਰਨਾਲਾ ਦੇ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਮੁਸਕਾਨ ਦੇ ਪਰਿਵਾਰ ਦਾ ਹਾਲ ਜਾਣਨ ਬਾਅਦ ਕਿਹਾ ਕਿ ਉਸ ਦੇ ਪਰਵਾਰ ਦੇ ਹਾਲਾਤ ਕਾਫ਼ੀ ਤਰਸਯੋਗ ਹਨ। ਪ੍ਰਸ਼ਾਸਨ ਵੱਲੋਂ ਹਰ ਤਰੀਕੇ ਦੀ ਮਦਦ ਇਸ ਪਰਵਾਰ ਨੂੰ ਦਿੱਤੀ ਜਾਵੇਗੀ। ਮੁਸਕਾਨ ਦੇ ਹੌਂਸਲੇ ਨੂੰ ਸਲਾਮ ਕਰਦੇ ਐਸਡੀਐਮ ਨੇ ਕਿਹਾ ਕਿ ਮੁਸਕਾਨ ਦੇ ਹਿੰਮਤ ਤੇ ਹੌਸਲੇ ਦੀ ਦਾਦ ਦੇਣੀ ਚਾਹੀਦੀ ਹੈ ਕਿ ਉਹ ਇੰਨੀ ਖਤਰਨਾਕ ਬੀਮਾਰੀ ਦੇ ਬਾਅਦ ਅੱਜ ਮੁੜ ਇੱਕ ਵਾਰ ਫਿਰ ਜਿੰਦਗੀ ਜਿਉਣ ਦਾ ਹੌਂਸਲਾ ਕਰ ਰਹੀ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਚੇਤਾਵਨੀ! ਜੰਗ ਜਿੱਤਣੀ ਤਾਂ ਸਿਆਸੀ ਲੀਡਰਾਂ ਦੀਆਂ ਚਾਲਾਂ ਤੋਂ ਹੋ ਜਾਓ ਚੌਕਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904