Barnala News: ਪਿੰਡ ਝਲੂਰ 'ਚ ਮਾਂ-ਪੁੱਤ ਵੱਲੋਂ ਖੁਦਕੁਸ਼ੀ ਮਾਮਲੇ 'ਚ ਮਜ਼ਦੂਰਾਂ ਵੱਲੋਂ ਅੱਜ ਪ੍ਰਦਰਸ਼ਨ, ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ, ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
Barnala News: ਪਿੰਡ ਝਲੂਰ 'ਚ ਇੱਕ ਜਨਰਲ ਵਰਗ ਦੇ ਪਰਿਵਾਰ ਨੇ ਇੱਕ ਅਨੁਸੂਚਿਤ ਜਾਤੀ ਪਰਿਵਾਰ ਦੇ ਇੱਕ ਮਾਂ-ਪੁੱਤ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਪਰ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
Punjab News: ਬਰਨਾਲਾ ਦੇ ਪਿੰਡ ਝਲੂਰ ਵਿੱਚ ਪਿਛਲੇ ਮਹੀਨੇ ਮਾਂ-ਪੁੱਤ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਇਆ ਸੀ। ਜਿੱਥੇ ਇੱਕ ਵਿਅਕਤੀ ਵੱਲੋਂ ਇੰਨਾ ਪ੍ਰੇਸ਼ਾਨ ਅਤੇ ਮਜ਼ਬੂਰ ਕੀਤਾ ਗਿਆ ਕਿ ਪਹਿਲਾਂ ਮੁੰਡੇ ਨੇ 16 ਮਾਰਚ ਖੁਦਕੁਸ਼ੀ ਕਰ ਲਈ, ਮੁੰਡੇ ਤੋਂ ਬਾਅਦ ਮਾਂ ਵੱਲੋਂ 19 ਮਾਰਚ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਜਿਸ ਤੋਂ ਬਾਅਦ ਉਸ ਸਖਸ਼ ਖਿਲਾਫ ਪਰਚਾ ਕਰਵਾਇਆ ਗਿਆ ਜਿਸ ਨੇ ਇਸ ਪਰਿਵਾਰ ਨੂੰ ਮਰਨ ਦੇ ਲਈ ਮਜ਼ਬੂਰ ਕੀਤਾ ਸੀ। ਪਰ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਅੱਜ ਬਰਨਾਲਾ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਮਾਂ-ਪੁੱਤ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਕਿਹਾ।
ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ
ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਪਿੰਡ ਝਲੂਰ ਵਿਖੇ ਮਾਂ-ਪੁੱਤ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਗਿਆ। ਪਿੰਡ ਦੇ ਇੱਕ ਜਨਰਲ ਵਰਗ ਦੇ ਪਰਿਵਾਰ ਨੇ ਇੱਕ ਅਨੁਸੂਚਿਤ ਜਾਤੀ ਪਰਿਵਾਰ ਦੇ ਇੱਕ ਮਾਂ-ਪੁੱਤ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵਿਅਕਤੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਵੀ ਦਰਜ ਕੀਤਾ ਗਿਆ ਸੀ। ਪਰ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜਿਸ ਨੂੰ ਲੈ ਕੇ ਉਨ੍ਹਾਂ ਦੀਆਂ ਜਥੇਬੰਦੀਆਂ ਨੂੰ ਥਾਣਾ ਸਦਰ ਬਰਨਾਲਾ ਅੱਗੇ ਧਰਨਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਰੀਬ ਇੱਕ ਮਹੀਨਾ ਬੀਤ ਚੁੱਕਾ ਹੈ ਪਰ ਪੁਲਿਸ ਦੀ ਕਾਰਵਾਈ ਬਹੁਤ ਢਿੱਲੀ ਹੈ। ਉਨ੍ਹਾਂ ਕਿਹਾ ਕਿ ਅੱਜ ਕੇਵਲ ਥਾਣੇ ਅੱਗੇ ਕੁਝ ਘੰਟਿਆਂ ਦਾ ਪ੍ਰਤੀਕਾਤਮਕ ਧਰਨਾ ਦਿੱਤਾ ਗਿਆ ਹੈ। ਜੇਕਰ ਪੁਲਿਸ ਨੇ ਅਜੇ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਥਾਣੇ ਦੀ ਪੱਕੇ ਤੌਰ ’ਤੇ ਘੇਰਾਬੰਦੀ ਕਰ ਦਿੱਤੀ ਜਾਵੇਗੀ। ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਖੁਦ ਹੋਵੇਗੀ।
ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਲਖਵੀਰ ਸਿੰਘ ਨੇ ਦੱਸਿਆ ਕਿ ਝਲੂਰ 'ਚ ਖੁਦਕੁਸ਼ੀ ਦੇ ਮਾਮਲੇ 'ਚ ਇਕ ਵਿਅਕਤੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਅਤੇ ਐੱਸ.ਸੀ.ਐੱਸ.ਟੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਅੱਜ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।