ਗੁਰਦੁਆਰਾ ਸਾਹਿਬ ਦੀ ਵੀਡੀਓ ਕੀਤੀ ਵਾਇਰਲ, ਸੇਵਦਾਰਾਂ ਤੇ ਔਰਤਾਂ 'ਤੇ ਲਾਏ ਗਲਤ ਇਲਜ਼ਾਮ
ਜਥੇਦਾਰ ਚੂੰਘਾਂ ਨੇ ਦੱਸਿਆ ਕਿ ਇਹ ਵੀਡੀਓ ਪਿੰਡ ਦੀ ਹੀ ਇੱਕ ਔਰਤ ਵੱਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ ਜਿਸ ਨੂੰ ਪਿੰਡ ਦੇ ਲੋਕਾਂ ਵੱਲੋਂ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ ਪਰ ਜੋ ਲੋਕ ਵੀਡੀਓ ਉਪਰ ਗਲਤ ਟਿੱਪਣੀਆਂ ਕਰਕੇ ਗੁਰੂਘਰ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਸੱਚ ਪਤਾ ਕਰ ਲੈਣਾ ਚਾਹੀਦਾ ਹੈ।
ਬਰਨਾਲਾ: ਇੱਕ ਔਰਤ ਵੱਲੋਂ ਸ਼ੋਸ਼ਲ ਮੀਡੀਆ ’ਤੇ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਇੱਕ ਔਰਤ ਵੱਲੋਂ ਸੇਵਾ ਦੇ ਨਾਮ ’ਤੇ ਗੁਰੂ ਘਰ ’ਚ ਸੇਵਾ ਕਰ ਰਹੀਆਂ ਔਰਤਾਂ ਤੇ ਹੋਰਨਾਂ ਸੇਵਾਦਾਰਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ।
ਵੀਡੀਓ ਬਣਾ ਰਹੀ ਔਰਤ ਵੱਲੋਂ ਗੁਰੂਘਰ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਤੇ ਸੇਵਾ ਕਰ ਰਹੀਆਂ ਬੀਬੀਆਂ ਦੇ ਚਰਿੱਤਰ ਸਬੰਧੀ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਵੀ ਸ਼ੋਸ਼ਲ ਮੀਡੀਏ ’ਤੇ ਗੁਰੂਘਰ ਤੇ ਉਥੋਂ ਦੇ ਸੇਵਾਦਾਰਾਂ ’ਤੇ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਤੇ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ।
ਜਥੇਦਾਰ ਚੂੰਘਾਂ ਨੇ ਦੱਸਿਆ ਕਿ ਇਹ ਵੀਡੀਓ ਪਿੰਡ ਦੀ ਹੀ ਇੱਕ ਔਰਤ ਵੱਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ ਜਿਸ ਨੂੰ ਪਿੰਡ ਦੇ ਲੋਕਾਂ ਵੱਲੋਂ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ ਪਰ ਜੋ ਲੋਕ ਵੀਡੀਓ ਉਪਰ ਗਲਤ ਟਿੱਪਣੀਆਂ ਕਰਕੇ ਗੁਰੂਘਰ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਸੱਚ ਪਤਾ ਕਰ ਲੈਣਾ ਚਾਹੀਦਾ ਹੈ।
ਟੱਲੇਵਾਲ ਦੇ ਇਸ ਗੁਰੂ ਘਰ ਵੱਲੋਂ ਸਮਾਜ ਲਈ ਬਹੁਤ ਸੇਵਾਵਾਂ ਨਿਰਸਵਾਰਥ ਦਿੱਤੀਆਂ ਜਾ ਰਹੀਆਂ ਹਨ। ਬਾਬਾ ਸੁੰਦਰ ਸਿੰਘ, ਬਾਬਾ ਲਾਲ ਸਿੰਘ ਵੱਲੋਂ ਸ਼ੁਰੂ ਕੀਤੀ ਸੇਵਾ ਨੂੰ ਬਾਬਾ ਕਰਨੈਲ ਸਿੰਘ ਚਲਾ ਰਹੇ ਹਨ। ਉਨ੍ਹਾਂ ਵੱਲੋਂ ਪਿੰਡ ਤੇ ਇਲਾਕੇ ਲਈ ਸਿੱਖਿਆ, ਸਿਹਤ ਤੇ ਧਰਮ ਦੇ ਖ਼ੇਤਰ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ।
ਬਗੈਰ ਕਿਸੇ ਮੁਨਾਫ਼ੇ ਤੋਂ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ। ਸੈਂਕੜੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ ਪਰ ਉਕਤ ਔਰਤ ਵੱਲੋਂ ਇਸ ਨੂੰ ਵੀਡੀਓ ਵਾਇਰਲ ਕਰਕੇ ਗੁਰੂ ਘਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਗੁਰੂਘਰ ਦੇ ਸੇਵਾਦਾਰਾਂ ਵੱਲੋਂ ਵੀਡੀਓ ਵਾਇਰਲ ਕਰਨ ਵਾਲੀ ਜ਼ਿੰਮੇਵਾਰ ਨੂੰ ਔਰਤ ਹੋਣ ਕਰਕੇ ਬਖ਼ਸ਼ਦਿਆਂ ਉਸ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਗਈ ਹੈ ਪਰ ਜੇਕਰ ਅੱਗੇ ਤੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲੇ ਦੇ ਪਿੰਡ ਟੱਲੇਵਾਲ ਦੇ ਜਿਸ ਗੁਰੂ ਘਰ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ। ਉਸ ਦਾ ਪੂਰੇ ਬਰਨਾਲਾ ਜ਼ਿਲੇ ਦੇ ਲੋਕਾਂ ਵਿੱਚ ਸ਼ਰਧਾ ਤੇ ਸਤਿਕਾਰ ਹੈ। ਇਸ ਗੁਰੂ ਘਰ ਦੇ ਪ੍ਰਬੰਧਾਂ ਅਧੀਨ ਇਲਾਕੇ ਵਿੱਚ ਸਿੱਖਿਆ, ਸਿਹਤ ਤੇ ਧਰਮ ਲਈ ਵੱਡਾ ਯੋਗਦਾਨ ਪਾਇਆ ਜਾਂਦਾ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਕਰਕੇ ਗੁਰੂਘਰ ਦੇ ਕੀਤੇ ਨਿਰਾਦਰ ਕਾਰਨ ਸਮੁੱਚੇ ਪਿੰਡ ਟੱਲੇਵਾਲ ਤੇ ਇਲਾਕਾ ਨਿਵਾਸੀਆਂ ਵਿੱਚ ਰੋਸ ਹੈ ਪਰ ਗੁਰੂਘਰ ਦੇ ਮੁੱਖ ਸੇਵਾਦਾਰ ਵੱਲੋਂ ਔਰਤ ਦਾ ਸਤਿਕਾਰ ਕਰਦਿਆਂ ਉਸ ’ਤੇ ਕੋਈ ਕਾਰਵਾਈ ਨਾ ਕਰਕੇ ਉਸ ਔਰਤ ਦੇ ਇਲਾਜ ਕਰਵਾਉਣ ਲਈ ਗੱਲ ਆਖੀ ਜਾ ਰਹੀ ਹੈ।