AAP ਆਗੂ ਦੇ ਪ੍ਰੀ-ਵੈਡਿੰਗ ਸ਼ੂਟ 'ਚ ਅਸਲੀ ਪੁਲਿਸ ਮੁਲਾਜ਼ਮ ਹੋਣ 'ਤੇ ਬਵਾਲ , ਵਿਰੋਧੀਆਂ ਨੇ ਚੁੱਕੇ ਸਵਾਲ
AAP leader pre-wedding shoot : ਆਪ' ਨੇਤਾ ਦੇ ਇੱਕ ਕਰੀਬੀ ਸਾਥੀ ਦੇ ਪ੍ਰੀ ਵੈਡਿੰਗ ਸ਼ੂਟ 'ਚ ਅਸਲੀ ਪੁਲਿਸ ਵਾਲੇ ਹੋਣ 'ਤੇ ਬਵਾਲ ਮੱਚ ਗਿਆ ਹੈ।

AAP leader pre-wedding shoot : ਆਪ' ਨੇਤਾ ਦੇ ਇੱਕ ਕਰੀਬੀ ਸਾਥੀ ਦੇ ਪ੍ਰੀ ਵੈਡਿੰਗ ਸ਼ੂਟ 'ਚ ਅਸਲੀ ਪੁਲਿਸ ਵਾਲੇ ਹੋਣ 'ਤੇ ਬਵਾਲ ਮੱਚ ਗਿਆ ਹੈ। ਦਰਅਸਲ 'ਚ ਗੁਰਦਾਸਪੁਰ ਦੇ ਬਟਾਲਾ 'ਚ ਕੁਝ ਪੁਲਿਸ ਕਰਮਚਾਰੀ ਇੱਕ 'ਆਪ' ਨੇਤਾ ਦੇ ਕਰੀਬੀ ਸਾਥੀ ਦੀ ਪ੍ਰੀ ਵੈਡਿੰਗ ਸ਼ੂਟ 'ਚ ਐਕਟਿਗ ਕਰਦੇ ਦਿਖਾਈ ਦਿੱਤੇ ਹਨ। ਪ੍ਰੀ ਵੈਡਿੰਗ ਸ਼ੂਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਆਗੂ ਸੁਨੀਲ ਜਾਖੜ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਇਕ ਪਾਸੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਕੌਮਾਂਤਰੀ ਸਰਹੱਦ ’ਤੇ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਹੋ ਗਿਆ। ਪੰਜਾਬ ਪੁਲਿਸ ਨੂੰ ਹੁਣ ਤੱਕ ਪਤਾ ਨਹੀਂ ਕਿ ਕਤਲ ਕਿਸਨੇ ਕੀਤਾ ਤੇ ਕਿਵੇਂ ਹੋਇਆ।
ਦੂਜੇ ਪਾਸੇ ਮਾਰਕੀਟ ਕਮੇਟੀ ਬਟਾਲਾ ਦੇ ਨਵ ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੀ ਪ੍ਰੀ ਵੈਡਿੰਗ ਸ਼ੂਟ ਚਲ ਰਹੀ ਹੈ, ਜਿਸ ਵਿਚ ਅਸਲ ਪੁਲਿਸ ਮੁਲਾਜ਼ਮ ਵਰਤੇ ਗਏ ਹਨ। ਕੀ ਇਹੀ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਪੁਲਸ ਮੁਲਾਜ਼ਮਾਂ ਨੂੰ ਕਿਸੇ ਦੇ ਨਿੱਜੀ ਸ਼ੂਟ ਲਈ ਵਰਤਿਆ ਜਾ ਰਿਹਾ ਹੋਵੇ।
ਮਜੀਠੀਆ ਨੇ ਸਵਾਲ ਉਠਾਇਆ ਕਿ ਕੀ 'ਆਪ' ਆਗੂਆਂ ਦੇ ਨਿੱਜੀ ਪ੍ਰੋਗਰਾਮਾਂ ਦੀ ਸੁਰੱਖਿਆ, ਪੁਲਸ ਮੁਲਾਜ਼ਮਾਂ ਦੀ ਆਪਣੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ? ਅਕਾਲੀ ਆਗੂ ਨੇ ਮੰਗ ਕੀਤੀ ਕਿ ਜਿਹੜੇ ਪੁਲਸ ਕਰਮਚਾਰੀ ਇਸ ਵੀਡੀਓ ਸ਼ੂਟ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਨ੍ਹਾਂ ਪੁੱਛਿਆ ਕਿ ਡੀਜੀਪੀ ਸਾਹਿਬ ਇਹ ਸਪੱਸ਼ਟ ਕਰਨ ਕਿ ਪੁਲਸ ਮੁਲਾਜ਼ਮਾਂ ਨੂੰ ਸੁਰੱਖਿਆ ਡਿਊਟੀ ਦੀ ਬਜਾਏ ਪ੍ਰੀ-ਵੈਡਿੰਗ ਸ਼ੂਟ ਲਈ ਕਿਉਂ ਭੇਜਿਆ ਗਿਆ?
ਹਾਲਾਂਕਿ ਪੁਲਿਸ ਨੇ ਕਿਹਾ ਕਿ ਵਿਭਾਗੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।























