ਗੋਲ਼ੀ ਲੱਗਣ ਨਾਲ ASI ਦੀ ਮੌਤ, ਪਰਿਵਾਰ ਵੱਲੋਂ ਕਤਲ ਦੇ ਇਲਜ਼ਾਮ
ਹਰਪ੍ਰੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸਦੇ ਪਿਤਾ ਲੰਬੇ ਸਮੇਂ ਤੋਂ ਪੁਲਿਸ ਵਿੱਚ ਨੌਕਰੀ ਕਰ ਰਹੇ ਸਨ। ਉਨ੍ਹਾਂ ਨੂੰ ਰਾਈਫਲ ਸੰਭਾਲਣ ਅਤੇ ਸੰਚਾਲਨ ਦੀ ਚੰਗੀ ਜਾਣਕਾਰੀ ਸੀ।
ਬਟਾਲਾ: ਇੱਥੇ ਪੁਲਿਸ ਵਿੱਚ ਤਾਇਨਾਤ ਏਐਸਆਈ ਦੀ ਸ਼ੱਕੀ ਹਾਲਤ ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਸਰਵਿਸ ਰਾਈਫਲ ਨੂੰ ਸਾਫ਼ ਕਰਦੇ ਹੋਏ ਗਲਤੀ ਨਾਲ ਗੋਲੀ ਚੱਲਣ ਕਰਕੇ ਮੌਤ ਹੋਈ ਹੈ। ਉੱਥੇ ਹੀ ਪਰਿਵਾਰਕ ਮੈਂਬਰ ਹੱਤਿਆ ਦਾ ਸ਼ੱਕ ਜਤਾ ਰਹੇ ਹਨ।
50 ਸਾਲਾ ਏਐਸਆਈ ਕਰਨੈਲ ਸਿੰਘ ਬਟਾਲਾ ਪੁਲਿਸ ਦੀ ਰੈਪਿਡ ਰੂਰਲ ਰਿਸਪੌਂਸ ਟੀਮ ਵਿੱਚ ਤਾਇਨਾਤ ਸੀ ਅਤੇ ਥਾਣਾ ਕੋਟਲੀ ਸੂਰਤ ਮੱਲੀ ਦੇ ਖੇਤਰ ਧਿਆਨਪੁਰ ਵਿੱਚ ਡਿਊਟੀ ਕਰ ਰਿਹਾ ਸੀ। ਗੋਲੀ ਕਰਨੈਲ ਸਿੰਘ ਦੇ ਗਲੇ 'ਤੇ ਲੱਗੀ। ਮ੍ਰਿਤਕ ਕਰਨੈਲ ਸਿੰਘ ਦੀ ਬੇਟੀ ਹਰਪ੍ਰੀਤ ਕੌਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ , ਕਿ ਉਸਦੇ ਪਿਤਾ ਦੀ ਹੱਤਿਆ ਕੀਤੀ ਗਈ ਹੈ।
ਉਨ੍ਹਾਂਨੂੰ ਪਤਾ ਸੀ ਕਿ ਰਾਈਫਲ ਕਿਸ ਤਰ੍ਹਾਂ ਸਾਫ਼ ਕੀਤੀ ਜਾਂਦੀ ਹੈ ਅਤੇ ਕੀ ਸਾਵਧਾਨੀਆਂ ਰੱਖੀਆਂ ਜਾਂਦੀਆਂ ਹਨ। ਜਿਸ ਸਥਾਨ ਉੱਤੇ ਉਨ੍ਹਾਂ ਦੀ ਮੌਤ ਹੋਈ ਉਹ ਜਗ੍ਹਾ ਉਨ੍ਹਾਂ ਦੇ ਘਰ ਦੇ ਕੋਲ ਹੀ ਹੈ। ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਹਸਪਤਾਲ ਸੱਦਕੇ ਪੁਲਿਸ ਅਧਿਕਾਰੀਆਂ ਨੇ ਮੌਤ ਦੀ ਜਾਣਕਾਰੀ ਦਿੱਤੀ। ਉਸਦੇ ਪਿਤਾ ਕਰਨੈਲ ਸਿੰਘ ਦੇ ਨਾਲ ਉਸ ਸਮੇਂ ਡਿਊਟੀ ਦੇ ਰਹੇ ਹੋਰ ਪੁਲਿਸ ਕਰਮਚਾਰੀ ਕੌਣ ਸਨ ਇਸ ਦੇ ਬਾਰੇ ਵੀ ਪੁਲਿਸ ਨਹੀਂ ਦੱਸ ਰਹੀ। ਹਰਪ੍ਰੀਤ ਕੌਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸਦੇ ਪਿਤਾ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਡੇਰਾ ਬਾਬਾ ਨਾਨਕ ਦੇ ਡੀਐਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਕਰਨੈਲ ਸਿੰਘ ਦੇ ਨਾਲ ਜਸਵਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਧਿਆਨਪੁਰ ਦੇ ਕੋਲ ਡਿਊਟੀ ਕਰ ਰਹੇ ਸਨ। ਧਿਆਨਪੁਰ ਦੇ ਕੋਲ ਇੱਕ ਦੁਕਾਨ ਉੱਤੇ ਜਸਵਿੰਦਰ ਅਤੇ ਸਤਵਿੰਦਰ ਚਾਹ ਪੀ ਰਹੇ ਸਨ। ਇਸ ਦੌਰਾਨ ਕਰਨੈਲ ਸਿੰਘ ਆਪਣੀ ਸਰਵਿਸ ਰਾਈਫਲ ਸਾਫ਼ ਕਰਨ ਲੱਗਾ। ਅਚਾਨਕ ਗੋਲੀ ਚੱਲਣ ਕਰਕੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਵਾਰ ਵਾਲਿਆਂ ਵੱਲੋਂ ਹੱਤਿਆ ਦਾ ਇਲਜ਼ਾਮ ਲਗਾਏ ਜਾਣ ਉੱਤੇ ਡੀਐਸਪੀ ਨੇ ਕਿਹਾ, ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।