ਹਵਾਲਾਤੀ ਨੇ ਜੇਲ੍ਹ ਦੀ ਬੈਰਕ 'ਚ ਪੱਗ ਨਾਲ ਫਾਹਾ ਲੈਕੇ ਕੀਤੀ ਖੁਦਕੁਸ਼ੀ
ਮ੍ਰਿਤਕ ਦੀ ਪਛਾਣ 38 ਸਾਲਾ ਰਾਮਸਰੂਪ ਨਿਵਾਸੀ ਪਿੰਡ ਨਾਥੂਵਾਲਾ ਜ਼ਿਲ੍ਹਾ ਅਲਵਰ ਰਾਜਸਥਾਨ ਦੇ ਤੌਰ 'ਤੇ ਹੋਈ ਹੈ।
ਬਠਿੰਡਾ: ਕੇਂਦਰੀ ਜੇਲ੍ਹ ਬਠਿੰਡਾ 'ਚ ਐਨਡੀਪੀਐਸ ਐਕਟ ਦੇ ਮਾਮਲੇ 'ਚ ਬੰਦ ਇਕ ਹਵਾਲਾਤੀ ਨੇ ਜੇਲ੍ਹ ਦੀ ਬੈਰਕ 'ਚ ਪੱਗ ਨਾਲ ਫਾਹਾ ਲਾਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਦੇ ਸਹੀ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਜਿਊਡੀਸ਼ੀਅਲ ਮੈਜਿਸਟ੍ਰੇਟ ਦੀ ਅਗਵਾਈ 'ਚ ਥਾਣਾ ਕੈਂਟ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸਪੁਰਦ ਕਰ ਦਿੱਤਾ ਹੈ।
ਮ੍ਰਿਤਕ ਦੀ ਪਛਾਣ 38 ਸਾਲਾ ਰਾਮਸਰੂਪ ਨਿਵਾਸੀ ਪਿੰਡ ਨਾਥੂਵਾਲਾ ਜ਼ਿਲ੍ਹਾ ਅਲਵਰ ਰਾਜਸਥਾਨ ਦੇ ਤੌਰ 'ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਵਾਲਾਤੀ ਨੂੰ ਥਾਣਾ ਸੰਗਤ ਪੁਲਿਸ ਨੇ 360 ਨਸ਼ੀਲੀਆਂ ਗੋਲ਼ੀਆਂ ਸਮੇਤ ਬੀਤੀ 24 ਮਈ, 2021 ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਨੂੰ ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਕਰ ਦਿੱਤਾ ਗਿਆ ਸੀ।
ਜੇਲ੍ਹ ਦੀ ਹਵਾਲਾਤੀ ਬਲਾਕ ਨੰਬਰ ਚਾਰ 'ਚ ਸਥਿਤ ਆਪਣੀ ਬੈਰਕ 'ਚ ਪੱਗ ਦੇ ਕੱਪੜੇ ਨਾਲ ਲੋਹੇ ਦੀ ਗ੍ਰਿੱਲ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਸਮੇਂ ਉਹ ਬੈਰਕ 'ਚ ਇਕੱਲਾ ਸੀ।