ਚਿੱਟੇ ਦੀ ਆਦੀ ਵਿਆਹੁਤਾ ਔਰਤ ਦੀ ਮੌਤ, ਮਾਂ ਵਿਹੂਣੇ ਹੋਏ ਦੋ ਛੋਟੇ ਬਾਲ
ਪਿਛਲੇ ਹਫ਼ਤੇ ਹੀ ਚਿੱਟੇ ਕਾਰਨ ਬਾਬਾ ਦੀਪ ਸਿੰਘ ਮੁਹੱਲਾ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ ਤੇ ਅੱਜ ਫੇਰ ਇੱਥੇ ਇੱਕ ਵਿਆਹੁਤਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਕਰੀਬ ਡੇਢ ਸਾਲ ਤੋਂ ਚਿੱਟੇ ਦਾ ਨਸ਼ਾ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਸਹੇਲੀਆਂ ਹੀ ਉਸ ਨੂੰ ਨਸ਼ਾ ਕਰਵਾ ਰਹੀਆਂ ਸੀ।
ਬਠਿੰਡਾ: ਸ਼ਹਿਰ ਵਿੱਚ ਚਿੱਟੇ ਦੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਹਫ਼ਤੇ ਹੀ ਚਿੱਟੇ ਕਾਰਨ ਬਾਬਾ ਦੀਪ ਸਿੰਘ ਮੁਹੱਲਾ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ ਤੇ ਅੱਜ ਫੇਰ ਇੱਥੇ ਇੱਕ ਵਿਆਹੁਤਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਕਰੀਬ ਡੇਢ ਸਾਲ ਤੋਂ ਚਿੱਟੇ ਦਾ ਨਸ਼ਾ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਸਹੇਲੀਆਂ ਹੀ ਉਸ ਨੂੰ ਨਸ਼ਾ ਕਰਵਾ ਰਹੀਆਂ ਸੀ।
ਕੱਲ੍ਹ ਇਸ ਨਸ਼ਾ ਪੀੜਤ ਔਰਤ ਨੂੰ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦਾ ਨਾਂ ਅਮਨਦੀਪ ਕੌਰ ਉਮਰ ਕਰੀਬ 27 ਸਾਲ ਦੱਸੀ ਜਾ ਰਹੀ ਹੈ। ਉਹ ਆਪਣੇ ਪਿੱਛੇ ਪਤੀ ਤੇ ਦੋ ਛੋਟੇ-ਛੋਟੇ ਬੱਚੇ ਛੱਡ ਗਈ ਹੈ, ਜਿਨ੍ਹਾਂ ਦੀ ਉਮਰ ਕਰੀਬ 2 ਅਤੇ 4 ਸਾਲ ਦੀ ਹੈ।
ਮ੍ਰਿਤਕਾ ਦੇ ਪਤੀ ਜਗਦੀਸ਼ ਸਿੰਘ ਮੁਤਾਬਕ ਉਸ ਦੀ ਪਤਨੀ ਕਰੀਬ ਡੇਢ ਸਾਲ ਤੋਂ ਚਿੱਟੇ ਦਾ ਨਸ਼ਾ ਕਰ ਰਹੀ ਸੀ ਤੇ ਕੱਲ੍ਹ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਡਾਕਟਰਾਂ ਵੱਲੋਂ ਨਸ਼ੇ ਦੇ ਕਾਰਨ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ, ਜਿਸ ਦੇ ਬਾਅਦ ਅੱਜ ਉਸ ਦੀ ਮੌਤ ਹੋ ਗਈ।
ਸਿਵਲ ਹਸਪਤਾਲ ਬਠਿੰਡਾ ਡਾ. ਜੋਬਨਪ੍ਰੀਤ ਸਿੰਘ ਮੁਤਾਬਕ ਅਮਨਦੀਪ ਕੌਰ ਪਹਿਲਾਂ ਹੀ ਨਸ਼ੇ ਦੀ ਆਦੀ ਸੀ। ਪਰਅੱਜ ਉਸ ਦੀ ਮੌਤ ਹੋਈ ਹੈ, ਉਸ ਦੇ ਲਈ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।