ਪੜਚੋਲ ਕਰੋ
ਹੁਣ ਭਗਵੰਤ ਮਾਨ ਨੂੰ ਖਹਿਰਾ ਜਾਪੇ ਮੋਦੀ ਵਰਗਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪਾਰਟੀ ਸੰਕਟ 'ਤੇ ਚੁੱਪੀ ਤੋੜਦਿਆਂ ਪਾਰਟੀ ਵਿਧਾਇਕ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਉੱਤੇ ਪਾਰਟੀ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਦਾ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਆਪਣੇ ਅਹੁਦੇ ਦੀ ਲੜਾਈ ਨੂੰ ਦਿੱਲੀ ਅਤੇ ਪੰਜਾਬ ਦੀ ਲੜਾਈ ਬਣਾ ਕੇ ਪੇਸ਼ ਕਰ ਰਹੇ ਹਨ। ਆਪਣੀਆਂ ਨਿੱਜੀ ਲਾਲਸਾਵਾਂ ਅਤੇ ਸਵਾਰਥਾਂ ਦੀ ਪੂਰਤੀ ਲਈ ਇੱਕ ਪਾਸੇ ਪਾਰਟੀ ਅਨੁਸ਼ਾਸਨ ਦੀਆਂ ਧੱਜੀਆਂ ਉਡਾ ਰਹੇ ਹਨ ਤੇ ਦੂਜੇ ਪਾਸੇ ਭੋਲੇ ਭਾਲੇ ਵਲੰਟੀਅਰਾਂ ਤੇ ਵਿਧਾਇਕਾਂ ਨਾਲ ਪੰਜਾਬ ਅਤੇ ਪੰਜਾਬੀਅਤ ਦੇ ਭਾਵੁਕ ਪੱਤੇ ਨਾਲ ਫ਼ਰੇਬ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਹ ਆ ਗਈ ਹੈ, ਜਿਵੇਂ ਮੋਦੀ ਬਾਕੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਦੇਸ਼ 'ਚ ਰਾਸ਼ਟਰੀਅਤਾ ਦੇ ਨਾਂ 'ਤੇ ਹਿੰਦੂ-ਮੁਸਲਿਮ ਲੜਾਈ ਬਣਾ ਰਹੇ ਹਨ ਉਸੇ ਤਰ੍ਹਾਂ ਖਹਿਰਾ ਆਪਣੇ ਅਹੁਦੇ ਦੀ ਨਿੱਜੀ ਲੜਾਈ ਨੂੰ ਦਿੱਲੀ ਅਤੇ ਪੰਜਾਬ ਦੀ ਲੜਾਈ ਬਣਾ ਕੇ ਦੇਸ਼-ਵਿਦੇਸ਼ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪ੍ਰਤੀ ਵਫ਼ਾਦਾਰੀ ਲਈ ਮੈਨੂੰ ਖਹਿਰਾ ਜਾਂ ਕੰਵਰ ਸੰਧੂ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਭਗਵੰਤ ਮਾਨ ਨੇ ਖਹਿਰਾ-ਸੰਧੂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਬੀਤੀ 26 ਜੁਲਾਈ ਨੂੰ ਬਤੌਰ ਵਿਰੋਧੀ ਧਿਰ ਦੇ ਨੇਤਾ ਹੂਟਰ ਵਾਲੀ ਜਿਪਸੀ ਅਤੇ ਝੰਡੀ ਵਾਲੀ ਕਾਰ ਖੁੱਸਣ ਉਪਰੰਤ ਹੀ ਖਹਿਰਾ ਅਤੇ ਸੰਧੂ ਦੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਜ਼ਮੀਰ ਜਾਗੀ ਹੈ। ਮਾਨ ਨੇ ਵਿਅੰਗ ਕੱਸਦਿਆਂ ਕਿਹਾ ਕਿ ਖਹਿਰਾ ਸਾਹਿਬ ਦਾ ਅਹੁਦਾ ਹੀ ਬਦਲਿਆ ਹੈ ਪਰ ਜੀਭ ਤਾਂ ਨਹੀਂ ਬਦਲੀ ਕਿ ਹੁਣ ਉਹ ਰੇਤਾ-ਬਜਰੀ, ਮਾਫ਼ੀਆ ਤੇ ਨਸ਼ਿਆਂ ਆਦਿ ਦੇ ਖ਼ਿਲਾਫ਼ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਜਿਸ ਦਿਨ ਦਾ ਅਹੁਦਾ ਖੁੱਸਿਆ ਹੈ ਖਹਿਰਾ ਦੀ ਜ਼ੁਬਾਨ ਤੋਂ ਪੰਜਾਬ ਦੇ ਸਾਰੇ ਭਖਵੇਂ ਮੁੱਦੇ ਗ਼ਾਇਬ ਹੋ ਚੁੱਕੇ ਹਨ। ਮਾਨ ਨੇ ਪੁੱਛਿਆ ਕਿ ਕਾਂਗਰਸ 'ਚ ਹੁੰਦਿਆਂ ਖਹਿਰਾ ਨੇ ਕਦੇ ਸੋਨੀਆ ਗਾਂਧੀ ਤੋਂ ਖ਼ੁਦਮੁਖ਼ਤਿਆਰੀ ਮੰਗੀ ਸੀ? ਉਦੋਂ 25 ਸਾਲ ਤੱਕ ਪੰਜਾਬ ਤੇ ਪੰਜਾਬੀਅਤ ਕਿਉਂ ਨਹੀਂ ਯਾਦ ਆਈ ਜਦਕਿ ਕਾਂਗਰਸ ਪੰਜਾਬ ਤੇ ਪੰਜਾਬੀਅਤ ਦੀ ਸਭ ਤੋਂ ਵੱਡੀ ਦੁਸ਼ਮਣ ਸਾਬਤ ਹੋਈ ਹੈ, ਜਿਸ ਨੇ ਪੰਜਾਬ ਦੇ ਪਾਣੀ ਲੁੱਟੇ, ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਅਤੇ 1984 'ਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ। ਮਾਨ ਨੇ ਕਿਹਾ ਕਿ ਖਹਿਰਾ- ਸੰਧੂ ਨੇ ਮੇਰੀ ਬਿਮਾਰੀ ਦਾ ਵੀ ਮਜ਼ਾਕ ਉਡਾਇਆ ਅਤੇ ਮੇਰੀ ਚੁੱਪ ਨੂੰ ਕਮਜ਼ੋਰੀ ਸਮਝਿਆ। ਮਾਨ ਨੇ ਖਹਿਰਾ ਨੂੰ ਲਲਕਾਰਦੇ ਹੋਏ ਕਿਹਾ ਕਿ ਬਠਿੰਡਾ ਦੀ ਧਰਤੀ 'ਤੇ ਸਾਨੂੰ ਪਿੰਡਾਂ 'ਚ ਨਾ ਵੜਨ ਦੇਣ ਦੀ ਧਮਕੀ ਦੇਣ ਵਾਲੇ ਸੁਖਪਾਲ ਖਹਿਰਾ ਹੁਣ ਭੁਲੱਥ 'ਚ ਟੱਕਰਨ ਲਈ ਤਿਆਰ ਰਹਿਣ। ਮਾਨ ਨੇ ਖਹਿਰਾ ਨਾਲ ਗਏ ਪਾਰਟੀ ਵਿਧਾਇਕਾਂ ਨੂੰ ਭੋਲੇ-ਭਾਲੇ ਦੱਸਦਿਆਂ ਸੁਚੇਤ ਕੀਤਾ ਕਿ ਖਹਿਰਾ ਅਤੇ ਸੰਧੂ ਸਿਰੇ ਦੇ ਚੁਸਤ-ਚਲਾਕ ਅਤੇ ਤਿਕੜਮਬਾਜ਼ ਹਨ ਅਤੇ ਉਹ ਵਿਧਾਇਕਾਂ ਦਾ ਆਪਣੇ ਨਿੱਜੀ ਸਵਾਰਥਾਂ ਲਈ ਫਾਇਦਾ ਚੁੱਕ ਰਹੇ ਹਨ। ਭਗਵੰਤ ਮਾਨ ਨੇ ਖਹਿਰਾ-ਸੰਧੂ ਵੱਲੋਂ ਬਠਿੰਡਾ 'ਚ ਪੰਜਾਬ ਦੇ ਪਾਰਟੀ ਢਾਂਚੇ ਨੂੰ ਭੰਗ ਕਰਨ ਦੇ ਐਲਾਨ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੰਟੀਅਰਾਂ, ਕੇਜਰੀਵਾਲ ਟੀਮ ਅਤੇ ਉਨ੍ਹਾਂ ਦੇ ਖ਼ੂਨ-ਪਸੀਨੇ ਨਾਲ ਖੜੀ ਕੀਤੀ ਹੋਈ ਰਾਸ਼ਟਰੀ ਪਾਰਟੀ ਹੈ ਜਿਸਦਾ ਖਹਿਰਾ-ਸੰਧੂ ਕੋਲ ਅਜਿਹਾ ਕਰਨ ਦੀ ਕੋਈ ਅਥਾਰਿਟੀ ਨਹੀਂ। ਮਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਖਹਿਰਾ-ਸੰਧੂ ਨੇ ਪਾਰਟੀ ਦੇ ਅਨੁਸ਼ਾਸਨ ਤੇ ਪਾਰਟੀ ਨੂੰ ਤੋੜਨ ਦੀ ਹੋਰ ਕੇਸ਼ਿਸ਼ ਕੀਤੀ ਤਾਂ ਕਾਨੂੰਨੀ ਲੜ੍ਹਾਈ ਲਈ ਤਿਆਰ ਰਹਿਣ। ਮਾਨ ਨੇ ਇਹ ਵੀ ਕਿਹਾ ਕਿ ਜੇਕਰ ਖਹਿਰਾ ਤੇ ਸੰਧੂ ਨੂੰ ਖ਼ੁਦਮੁਖ਼ਤਿਆਰੀ ਦਾ ਏਨਾ ਹੀ ਚਾਅ ਹੈ ਤਾਂ ਉਹ 'ਆਪ' ਦੇ ਝਾੜੂ ਚੋਣ ਨਿਸ਼ਾਨ ਨਾਲ ਜਿੱਤੀ ਸੀਟ ਤੋਂ ਅਸਤੀਫ਼ੇ ਦੇਣ ਅਤੇ ਆਪਣੀ ਨਵੀਂ ਪਾਰਟੀ ਬਣਾ ਕੇ ਦੋਬਾਰਾ ਚੋਣ ਲੜ੍ਹਨ ਦੀ ਹਿੰਮਤ ਦਿਖਾਉਣ। ਭਗਵੰਤ ਮਾਨ ਨੇ ਖਹਿਰਾ 'ਤੇ ਪਰਿਵਾਰਵਾਦ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਲੰਟੀਅਰਾਂ ਦੇ ਨਾਂ 'ਤੇ ਸੱਦੀ ਕਨਵੈਂਨਸ਼ਨ 'ਚ ਵਲੰਟੀਅਰਾਂ ਦੀ ਥਾਂ ਖਹਿਰਾ ਨੇ ਆਪਣੇ ਬੇਟੇ ਕੋਲੋਂ ਹੀ ਸੰਬੋਧਨ ਕਰਾਇਆ ਅਤੇ ਪੁੱਤ ਦੀ ਪੁਲੀਟੀਕਲ ਲਾਚਿੰਗ ਕੀਤੀ। ਭਗਵੰਤ ਮਾਨ ਨੇ ਕੰਵਰ ਸੰਧੂ ਨੂੰ ਘੇਰਦਿਆਂ ਕਿਹਾ ਕਿ ਸੰਧੂ ਨੇ ਖਰੜ ਤੋਂ ਮੈਂ ਹੀ ਲੜਾਂਗਾ, ਦਾ ਐਲਾਨ ਕਰ ਕੇ ਕਿਨ੍ਹੇ ਵਲੰਟੀਅਰਾਂ ਦਾ ਹੱਕ ਮਾਰਿਆ ਸੀ ਅਤੇ ਹੁਣ ਵੀ ਉਹ ਅਜਿਹੀ ਹੀ ਮੈਂ-ਪ੍ਰਸਤ ਖ਼ੁਦਮੁਖ਼ਤਿਆਰੀ ਲੱਭਦੇ ਹਨ। ਇਸ ਮੌਕੇ ਵਿਧਾਇਕ ਮੀਤ ਹੇਅਰ ਨੇ ਜਿੱਥੇ ਖਹਿਰਾ ਦੀ ਮੌਕਾਪ੍ਰਸਤ ਸੋਚ ਦੇ ਕਈ ਖ਼ੁਲਾਸੇ ਕੀਤੇ ਉੱਥੇ ਇਹ ਵੀ ਦੱਸਿਆ ਕਿ ਐਲ.ਓ.ਪੀ ਬਦਲੇ ਜਾਣ ਤੋਂ ਪਹਿਲਾਂ ਹੋਈਆਂ ਚਰਚਾਵਾਂ ਦੌਰਾਨ ਕੰਵਰ ਸੰਧੂ ਨੇ ਕੇਂਦਰੀ ਲੀਡਰਸ਼ਿਪ ਨੂੰ ਇਹ ਤਜਵੀਜ਼ ਦਿੱਤੀ ਸੀ ਕਿ ਮੈਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦਿਓ ਅਤੇ ਉਹ ਸੁਖਪਾਲ ਖਹਿਰਾ ਨੂੰ ਖ਼ੁਦ ਸਾਂਭ ਲੈਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















