Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਟੱਕਰ ਦੇਣ ਲਈ ਭਗਵੰਤ ਮਾਨ ਨੇ ਖੇਡਿਆ ਵੱਡਾ ਦਾਅ! ਤਰਨ ਤਾਰਨ ਜ਼ਿਮਨੀ ਚੋਣ 'ਚ ਬਦਲੇ ਸਮੀਕਰਨ?
ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਲਈ ਸੱਤਾਧਿਰ ਆਮ ਆਦਮੀ ਪਾਰਟੀ ਨੇ ਵੱਡਾ ਦਾਅ ਖੇਡਿਆ ਹੈ। ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਟੱਕਰ ਦੇਣ...

Harmeet Singh Sandhu joins AAP: ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਲਈ ਸੱਤਾਧਿਰ ਆਮ ਆਦਮੀ ਪਾਰਟੀ ਨੇ ਵੱਡਾ ਦਾਅ ਖੇਡਿਆ ਹੈ। ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਟੱਕਰ ਦੇਣ ਲਈ 'ਆਪ' ਨੇ ਪੰਥਕ ਵੋਟ ਵਿੱਚ ਸੰਨ੍ਹ ਲਾਉਣ ਦੀ ਯੋਜਨਾ ਬਣਾਈ ਹੈ। ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਤਰਨ ਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਦਰਅਸਲ ਤਰਨ ਤਾਰਨ ਹਲਕੇ ਨੂੰ ਪੰਥਕ ਗੜ੍ਹ ਮੰਨਿਆ ਜਾਂਦਾ ਹੈ। ਇਸ ਲਈ ਹੀ ਲੋਕ ਸਭਾ ਚੋਣਾਂ ਵਿੱਚ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੇ ਸੱਤਾਧਿਰ ਆਮ ਆਦਮੀ ਪਾਰਟੀ ਸਣੇ ਸਾਰੀਆਂ ਧਿਰਾਂ ਨੂੰ ਪਛਾੜ ਦਿੱਤਾ ਸੀ। ਹੁਣ ਫਿਰ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਗਈਆਂ ਸੀ। ਹੁਣ ਹਰਮੀਤ ਸਿੰਘ ਸੰਧੂ ਦੇ 'ਆਪ' ਵਿੱਚ ਸ਼ਾਮਲ ਹੋਣ ਨਾਲ ਰਾਜਨੀਤਕ ਸਮੀਕਰਨ ਬਦਲ ਸਕਦੇ ਹਨ। 'ਆਪ' ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਤਰਨਤਾਰਨ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਸੀ।
ਸਿਆਸੀ ਮਾਹਿਰਾਂ ਮੁਤਾਬਕ ਸੰਧੂ ਤਰਨ ਤਾਰਨ ਵਿੱਚ ਹੋਣ ਵਾਲੀ ਉਪ ਚੋਣ ਵਿੱਚ 'ਆਪ' ਉਮੀਦਵਾਰ ਹੋ ਸਕਦੇ ਹਨ। ਸੰਧੂ ਪੰਥਕ ਵੋਟ ਵਿੱਚ ਚੰਗੀ ਸੰਨ੍ਹ ਲਾ ਸਕਦੇ ਹਨ। ਸੰਧੂ ਨੇ 1998 ਵਿੱਚ ਕੈਰੋਂ ਪਰਿਵਾਰ ਦੀ ਅਗਵਾਈ ਹੇਠ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ, ਜੋ ਮਾਝੇ ਦੀ ਰਾਜਨੀਤੀ ਦਾ ਕੇਂਦਰ ਸੀ। 2002 ਵਿੱਚ ਸੰਧੂ ਨੇ ਆਜ਼ਾਦ ਉਮੀਦਵਾਰ ਵਜੋਂ, 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਅਤੇ 2012 ਵਿੱਚ ਸੰਧੂ ਨੇ ਤੀਜੀ ਵਾਰ ਤਰਨ ਤਾਰਨ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਹ ਬਾਦਲ ਸਰਕਾਰ ਵਿੱਚ ਦੋ ਵਾਰ ਸੀਪੀਐਸ ਵੀ ਰਹੇ ਸੀ।
ਦੱਸ ਦਈਏ ਕਿ ਨਵੰਬਰ 2024 ਵਿੱਚ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਸੰਧੂ ਨੂੰ ਉਪ ਚੋਣ ਵਿੱਚ 'ਆਪ' ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਉਂਝ ਆਮ ਆਦਮੀ ਪਾਰਟੀ ਲਈ ਇਹ ਫੈਸਲਾ ਮੁਸ਼ਕਲਾਂ ਵੀ ਖੜ੍ਹੀਆਂ ਕਰ ਸਕਦਾ ਹੈ ਕਿਉਂਕਿ ਤਰਨ ਤਾਰਨ ਵਿੱਚ ਉਪ ਚੋਣ ਲਈ 'ਆਪ' ਦੀ ਟਿਕਟ ਲਈ ਕਈ ਦਾਅਵੇਦਾਰ ਹਨ। ਹਾਲਾਂਕਿ ਕੁਝ ਆਗੂਆਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਮੁਲਾਕਾਤ ਕਰਕੇ ਸੰਧੂ ਦੇ ਪਾਰਟੀ ਵਿੱਚ ਦਾਖਲੇ ਦਾ ਵਿਰੋਧ ਵੀ ਕੀਤਾ ਸੀ।
ਦਰਅਸਲ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ 'ਆਪ' ਵਿੱਚ ਸ਼ਾਮਲ ਕਰਕੇ ਨਵੇਂ ਰਾਜਨੀਤਕ ਸਮੀਕਰਨ ਬਣਾਉਣ ਦੇ ਸੰਕੇਤ ਦਿੱਤੇ ਹਨ। ਪਾਰਟੀ ਵਿੱਚ ਅਨੁਸ਼ਾਸ਼ਨ ਦਾ ਸਖਤ ਸੰਦੇਸ਼ ਦਿੰਦਿਆਂ ਸੰਧੂ ਦੀ ਪਾਰਟੀ ਵਿੱਚ ਐਂਟਰੀ ਵੀਆਈਪੀ ਤਰੀਕੇ ਨਾਲ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਚੰਡੀਗੜ੍ਹ ਲਿਆਉਣ ਲਈ ਆਪਣਾ ਹੈਲੀਕਾਪਟਰ ਭੇਜਿਆ। ਇਹ ਵੀ ਚਰਚਾ ਹੈ ਕਿ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ, ਭਗਵੰਤ ਮਾਨ ਨੇ ਟੀਮ ਰਾਹੀਂ ਇੱਕ ਸਰਵੇਖਣ ਕਰਵਾਇਆ ਸੀ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਰਹਿੰਦਿਆਂ ਆਜ਼ਾਦ ਤੌਰ 'ਤੇ ਲੋਕ ਸਭਾ ਚੋਣ ਲੜੀ ਸੀ। ਉਸ ਵੇਲੇ ਨਾ ਕੋਈ ਉਨ੍ਹਾਂ ਦੀ ਪਾਰਟੀ ਸੀ ਤੇ ਨਾ ਹੀ ਕੋਈ ਕੇਡਰ। ਜੇਲ੍ਹ ਵਿੱਚ ਹੋਣ ਕਰਕੇ ਅੰਮ੍ਰਿਤਪਾਲ ਸਿੰਘ ਨੇ ਖੁਦ ਪ੍ਰਚਾਰ ਵੀ ਨਹੀਂ ਕੀਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ 1.79 ਲੱਖ ਵੋਟਾਂ ਨਾਲ ਚੋਣ ਜਿੱਤੀ। ਇਹ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਜਿੱਤ ਦਾ ਸਭ ਤੋਂ ਵੱਡਾ ਫਰਕ ਸੀ।
ਅਹਿਮ ਗੱਲ ਹੈ ਕਿ ਲੋਕ ਸਭਾ ਚੋਣਾਂ ਸਮੇਂ ਪੰਜਾਬ ਵਿੱਚ 'ਆਪ' ਦੀ ਸਰਕਾਰ ਸੀ। ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਲਾਲਜੀਤ ਭੁੱਲਰ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਸੀ। ਜਦੋਂ ਚੋਣ ਨਤੀਜੇ ਆਏ ਤਾਂ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ ਭੁੱਲਰ ਤੀਜੇ ਨੰਬਰ 'ਤੇ ਰਹੇ। ਅੰਮ੍ਰਿਤਪਾਲ ਸਿੰਘ ਨੂੰ ਇਸ ਵਿਧਾਨ ਸਭਾ ਹਲਕੇ ਤੋਂ 40.79% ਯਾਨੀ 44,703 ਵੋਟਾਂ ਮਿਲੀਆਂ ਸੀ। ਦੂਜੇ ਨੰਬਰ 'ਤੇ ਕਾਂਗਰਸ ਨੂੰ ਇਸ ਦੇ ਅੱਧੇ ਤੋਂ ਵੀ ਘੱਟ ਯਾਨੀ 20,193 ਤੇ 'ਆਪ' ਨੂੰ ਸਿਰਫ਼ 18,298 ਵੋਟਾਂ ਮਿਲੀਆਂ ਸੀ।
ਸੱਤਾਧਿਰ 'ਆਪ' ਨੇ ਹਾਲ ਹੀ ਵਿੱਚ ਜਲੰਧਰ ਤੇ ਲੁਧਿਆਣਾ ਵਿੱਚ ਹੋਈਆਂ ਉਪ ਚੋਣਾਂ ਜਿੱਤ ਕੇ ਪ੍ਰਭਾਵ ਦਿੱਤਾ ਹੈ ਕਿ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਹਨ। ਹੁਣ ਤਰਨ ਤਾਰਨ ਉਪ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਅਜਿਹਾ ਹੀ ਕਰਨਾ ਚਾਹੇਗੀ ਪਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਖੇਡ ਵਿਗਾੜ ਸਕਦੀ ਹੈ। ਜੇਕਰ ਤਰਨ ਤਾਰਨ ਉਪ ਚੋਣ ਵਿੱਚ'ਆਪ' ਹਾਰ ਜਾਂਦੀ ਹੈ, ਤਾਂ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਪਾਰਟੀ 2027 ਵਿੱਚ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਸਕਦੀ ਹੈ। ਅਕਾਲੀ ਦਲ ਦਾ ਨਿਰਾਸ਼ ਵੋਟਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਜੁੜ ਸਕਦਾ ਹੈ।





















