SGPC Election: ਬੀਬੀ ਜਗੀਰ ਕੌਰ ਦੇ ਖੁਲਾਸਿਆਂ ਨੇ ਵਧਾਈਆਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ, ਆਪਣੇ ਸਟੈਂਡ ’ਤੇ ਕਾਇਮ
SGPC Election: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣ ਬਾਦਲ ਪਰਿਵਾਰ ਨੂੰ ਸਿੱਧਾ ਵੰਗਾਰਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਸਸਪੈਂਡ ਕਰਨ ਦੇ ਬਾਵਜੂਦ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਚੋਣ..
SGPC Election: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣ ਬਾਦਲ ਪਰਿਵਾਰ ਨੂੰ ਸਿੱਧਾ ਵੰਗਾਰਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਸਸਪੈਂਡ ਕਰਨ ਦੇ ਬਾਵਜੂਦ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਚੋਣ ਲੜਨ ਦੇ ਆਪਣੇ ਸਟੈਂਡ ’ਤੇ ਕਾਇਮ ਹਨ। ਇਸ ਨਾਲ ਹੀ ਬੀਬੀ ਜਗੀਰ ਕੌਰ ਨਿੱਤ ਨਵੇਂ ਖੁਲਾਸੇ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧਾ ਰਹੇ ਹਨ।
ਬੀਬੀ ਜਗੀਰ ਕੌਰ ਨੇ ਸਪਸ਼ਟ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਅੰਦਰ ਲਿਫ਼ਾਫ਼ਾ ਕਲਚਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਦਾ ਵਿਰੋਧ ਕਰਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਾਰਟੀ ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨਾਲ ਗਠਜੋੜ ਦੀ ਗੱਲਬਾਤ ਚੱਲ ਰਹੀ ਹੈ। ਗੱਠਜੋੜ ਬਿਨਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਦਾ ਪੰਜਾਬ ਵਿੱਚ ਜਿੱਤਣਾ ਮੁਸ਼ਕਲ ਹੈ। ਇਸ ਲਈ ਦੋਵਾਂ ਪਾਰਟੀਆਂ ਨੂੰ ਗੱਠਜੋੜ ਕਰਨਾ ਪਏਗਾ।
ਦੱਸ ਦਈਏ ਬੀਬੀ ਜਗੀਰ ਕੌਰ ਨੇ ਇਹ ਖੁਲਾਸਾ ਕਰਕੇ ਅਕਾਲੀ ਦਲ ਨੂੰ ਉਸ ਗੱਲ ਦਾ ਜਵਾਬ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਬੀਜੇਪੀ ਦੇ ਹੱਥਾਂ ਵਿੱਚ ਖੇਡ ਰਹੇ ਹਨ। ਦਰਅਸਲ ਅਕਾਲੀ ਦਲ ਵੱਲੋਂ ਇੱਕ ਪਾਸੇ ਭਾਜਪਾ ’ਤੇ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਵਿੱਚ ਸਿੱਧੇ ਤੌਰ ’ਤੇ ਦਖਲ ਦੇਣ ਤੇ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਖੁਲਾਸਾ ਕੀਤਾ ਹੈ ਕਿ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਨਾਲ ਗੱਠਜੋੜ ਕਰ ਸਕਦਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਵਰਕਰ ਹਨ ਤੇ ਉਨ੍ਹਾਂ ਪਾਰਟੀ ਵੱਲੋਂ ਦਿੱਤੇ ਗਏ ਨੋਟਿਸ ਦਾ ਮੀਡੀਆ ਰਾਹੀਂ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ’ਤੇ ਕਾਇਮ ਹਨ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਕਮੇਟੀ ਦੇ ਮੈਂਬਰਾਂ ਤੇ ਅਕਾਲੀ ਦਲ ਦੇ ਉਮੀਦਵਾਰਾਂ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ 35 ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਇਕਬਾਲ ਸਿੰਘ ਲਾਲਪੁਰਾ ਨੇ ਉਨ੍ਹਾਂ ਨੂੰ ਫੋਨ ਕਰ ਕੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਭੁਗਤਣ ਲਈ ਜ਼ੋਰ ਪਾਇਆ।