Big incident in Sri Anandpur Sahib a day before election results, blast near police station


ਸ੍ਰੀ ਅਨੰਦਪੁਰ ਸਾਹਿਬ: ਦੇਸ਼ ਦੇ ਪੰਜ ਸੂਬਿਆਂ ਦੇ ਨਾਲ ਪੰਜਾਬ 'ਚ ਵੀ 10 ਮਾਰਚ ਦਾ ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਲੋਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦਈਏ ਕਿ ਇਸ ਦਾ ਕਾਰਨ ਹੈ ਹਾਲ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਖ਼ਤਮ ਹੋਣਾ। 10 ਮਾਰਚ ਨੂੰ ਸੂਬੇ ਦੀਆਂ 117 ਸੀਟਾਂ 'ਤੇ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ। ਪਰ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਸੂਬੇ 'ਚ ਵੱਡੀ ਘਟਨਾ ਵਾਪਰੀ ਹੈ।


ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਆਉਣ ਤੋਂ ਕੇਵਲ ਇੱਕ ਦਿਨ ਪਹਿਲਾਂ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੀ ਕਲਮਾ ਪੁਲਸ ਚੌਂਕੀ ਦੀ ਦੀਵਾਰ ਦੇ ਨਾਲ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਪੰਜਾਬ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ। ਪੁਲਿਸ ਦੇ ਆਈਜੀ ਲੈਵਲ ਦੇ ਅਧਿਕਾਰੀ ਫਰੈਂਸਿਕ ਟੀਮ ਦੇ ਨਾਲ ਘਟਨਾ ਸਥਾਨ 'ਤੇ ਪੁੱਜੇ ਜਿੱਥੇ ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਗਿਆ।


ਇਸ ਘਟਨਾ ਬਾਰੇ ਐੱਸਐੱਚਓ ਨੂਰਪੁਰ ਬੇਦੀ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦੇਰ ਰਾਤ ਕਲਮਾਂ ਪੁਲਿਸ ਚੌਂਕੀ ਦੇ ਨਜ਼ਦੀਕ ਕੋਈ ਧਮਾਕਾ ਹੋਇਆ ਜਿਸ ਤੋਂ ਬਾਅਦ ਪੁਲਿਸ ਚੌਕੀ ਕਲਮਾਂ ਦੀ ਇੱਕ ਪਾਸੇ ਦੀ ਦੀਵਾਰ ਨੂੰ ਕੁਝ ਨੁਕਸਾਨ ਪੁੱਜਿਆ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਮਗਰੋਂ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ।


ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਬੁਲਾ ਕੇ ਇਸ ਘਟਨਾ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਧਮਾਕਾ ਕਿਸ ਵਸਤੂ ਦੇ ਨਾਲ ਹੋਇਆ ਅਤੇ ਇਸ ਧਮਾਕੇ ਦੇ ਪਿੱਛੇ ਕਿਹੜੇ ਲੋਕ ਜ਼ਿੰਮੇਵਾਰ ਹਨ। ਜਦੋਂ ਧਮਾਕਾ ਕਰਨ ਵਾਲਿਆਂ ਦੀ ਕੀ ਮਨਸ਼ਾ ਹੋ ਸਕਦੀ ਹੈ ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ 'ਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰਾ ਕੁਝ ਅਜੇ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਦੀਆਂ ਵੱਖੋ ਵੱਖਰੀਆਂ ਟੀਮਾਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।


ਘਟਨਾ ਦੀ ਜਾਣਕਾਰੀ ਦਿੰਦਿਆਂ ਐੱਸਐੱਚਓ ਨੂਰਪੁਰ ਬੇਦੀ ਨੇ ਕਿਹਾ ਕਿ ਇਸ ਸਬੰਧੀ ਪੂਰਨ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਚੌਕੀ ਦੇ ਨਾਲ ਦੇ ਖੇਤਾਂ ਤੋਂ ਜਾਂਚ ਟੀਮ ਦੇ ਵੱਲੋਂ ਕੁਝ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਨਾਲ ਦੇ ਖੇਤਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਘਟਨਾ ਦੇ ਪਿੱਛੇ ਛੁਪੇ ਅਸਲੀ ਰਾਜ਼ ਤੋਂ ਪਰਦਾ ਚੁੱਕਿਆ ਜਾ ਸਕੇ।


ਇਹ ਵੀ ਪੜ੍ਹੋ: Ban Election Surveys: ਬਾਦਲ ਦੀ ਚੋਣ ਸਰਵੇਖਣ 'ਤੇ ਪਾਬੰਦੀ ਦੀ ਮੰਗ ਨੂੰ 'ਆਪ’ ਆਗੂ ਨੇ ਕਿਹਾ ਬੁਖਲਾਹਟ ਦੀ ਨਿਸ਼ਾਨੀ