Jalandhar News: 'ਜੇ ਮੁੱਖ ਮੰਤਰੀ ਚਾਹੁੰਦਾ ਤਾਂ ਜਾਨ ਬਚ ਜਾਂਦੀ ਪਰ ਸੱਤਾ 'ਚ ਅੰਨ੍ਹੀ ਹੋਈ ਸਰਕਾਰ ਤਾਂ....'
ਮਜੀਠੀਆ ਨੇ ਕਿਹਾ ਕਿ, ਬਿਰਧ ਮਾਂ ਬਾਪ ਦਾ ਸਹਾਰਾ , ਇੱਕ ਪਤਨੀ ਦਾ ਸੁਹਾਗ ਤੇ ਬੱਚਿਆਂ ਦਾ ਪਿਤਾ ਸਰਕਾਰ ਦੀ ਲਾਪਰਵਾਹੀ ਕਾਰਨ ਇਸ ਦੁਨੀਆਂ ਤੋਂ ਚਲਾ ਗਿਆ। ਇਸ ਅਭਾਗੇ ਪਰਿਵਾਰ ਦੀਆਂ ਬਦਦੁਆਵਾਂ ਇਸ ਸਰਕਾਰ ਨੂੰ ਲੈ ਬਹਿਣਗੀਆਂ।
Punjab News: ਜਲੰਧਰ ਦੇ ਇੰਸਪੈਕਟਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇੱਕ ਭਰਾ ਦੀ ਲਾਸ਼ ਮਿਲੀ ਹੈ। ਇਹ ਲਾਸ਼ ਦਰਿਆ ਬਿਆਸ ਦੇ ਕੰਢੇ ਮੰਡ ਖੇਤਰ ਦੇ ਪਿੰਡ ਧੂੰਦਾਂ (ਤਲਵੰਡੀ ਚੌਧਰੀਆਂ) ਤੋਂ ਮਿਲੀ। ਹੈ। ਲਾਸ਼ ਜਸ਼ਨਦੀਪ ਦੀ ਦੱਸੀ ਜਾ ਰਹੀ ਹੈ। ਇਸ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਿਆ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਜਲੰਧਰ ਦੇ ਦੋ ਸਕੇ ਭਰਾਵਾਂ ਨੇ ਪੁਲਿਸ ਇੰਸਪੈਕਟਰ ਵੱਲੋਂ ਕੀਤੇ ਗਏ ਮਾੜੇ ਵਤੀਰੇ ਕਾਰਨ ਖ਼ੁਦਕੁਸ਼ੀ ਕਰ ਲਈ ਸੀ। ਉਹਨਾਂ ਵਿੱਚੋਂ ਇੱਕ ਦੀ ਲਾਸ਼ ਕੱਲ੍ਹ ਬਿਆਸ ਦਰਿਆ ਵਿੱਚੋਂ ਮਿਲ ਗਈ ਹੈ। ਐੱਸ ਐੱਚ ਓ ਨਵਦੀਪ ਸਿੰਘ ਤੇ ਕਾਰਵਾਈ ਲਈ ਸ਼੍ਰੋਮਣੀ ਅਕਾਲੀ ਦਲ ਨੇ ਅਵਾਜ਼ ਚੁੱਕੀ ਸੀ ਪਰ ਸੱਤਾ ਦੇ ਨਸ਼ੇ ਵਿੱਚ ਅੰਨ੍ਹੀ ਹੋਈ ਆਪ ਸਰਕਾਰ ਇਸ ਅਧਿਕਾਰੀ ਦੀ ਸ਼ਰੇਆਮ ਪੁਸ਼ਤ ਪਨਾਹੀ ਕਰ ਰਹੀ ਸੀ।
ਮਜੀਠੀਆ ਨੇ ਕਿਹਾ ਕਿ, ਬਿਰਧ ਮਾਂ ਬਾਪ ਦਾ ਸਹਾਰਾ , ਇੱਕ ਪਤਨੀ ਦਾ ਸੁਹਾਗ ਤੇ ਬੱਚਿਆਂ ਦਾ ਪਿਤਾ ਸਰਕਾਰ ਦੀ ਲਾਪਰਵਾਹੀ ਕਾਰਨ ਇਸ ਦੁਨੀਆਂ ਤੋਂ ਚਲਾ ਗਿਆ। ਇਸ ਅਭਾਗੇ ਪਰਿਵਾਰ ਦੀਆਂ ਬਦਦੁਆਵਾਂ ਇਸ ਸਰਕਾਰ ਨੂੰ ਲੈ ਬਹਿਣਗੀਆਂ।
ਮਜੀਠੀਆ ਨੇ ਕਿਹਾ ਕਿ ਜੇ ਮੁੱਖ ਮੰਤਰੀ ਚਾਹੁੰਦਾ ਅਤੇ ਪ੍ਰਸਾਸ਼ਨ ਸਹੀ ਕਾਰਵਾਈ ਕਰਦਾ ਤਾਂ ਇਹ ਕੀਮਤੀ ਜਾਨ ਬਚੀ ਹੋਣੀ ਸੀ ਤੇ ਪਰਿਵਾਰ ਅੱਜ ਇਸ ਸਦਮੇ ਵਿੱਚ ਨਾ ਹੁੰਦਾ। ਅਸੀਂ ਅੱਜ ਵੀ ਪਰਿਵਾਰ ਨਾਲ ਡਟ ਕੇ ਖੜ੍ਹੇ ਹਾਂ ਅਤੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕਰਦੇ ਹਾਂ
ਦੱਸ ਦਈਏ ਕਿ ਮਾਨਵਜੀਤ ਅਤੇ ਜਸ਼ਨਦੀਪ ਨੇ ਕੁਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਅਰੋਪ ਲਾਇਆ ਗਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਛਾਲ ਮਾਰ ਦਿੱਤੀ।
ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 1 ਦੇ ਤਤਕਾਲੀ ਇੰਚਾਰਜ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰ ਕਰ ਦਈਏ ਕਿ ਤਿੰਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਦੇ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦੇ ਤਹਿਤ ਥਾਣਾ ਸਦਰ ਅਤੇ ਪੁਲਿਸ ਨਿਯਮ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ