ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਨਹੀਂ ਬਾਦਲ ਦਾ ਨਾਂ, ਮਜੀਠੀਆ ਦੀ ਸਫਾਈ

ਚੰਡੀਗੜ੍ਹ: ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭੜਕਾਉਣ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਨੌਕਰੀ ਦੇਣ ਦੇ ਝੂਠੇ ਵਾਅਦੇ ਕੀਤੇ ਸੀ। ਉਹ ਸਾਰੇ ਪੂਰੇ ਨਹੀਂ ਕੀਤੇ ਜਾ ਰਹੇ। ਇਸ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲੋਕਾਂ ਦਾ ਧਿਆਨ ਭਟਕਾਉਣ ਲਈ ਪੇਸ਼ ਕੀਤੀ ਗਈ ਹੈ।
ਮਜੀਠੀਆ ਨੇ ਇਹ ਵੀ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਭਾਵੇਂ ਕਾਂਗਰਸ ਵੱਲੋਂ ਤਿਆਰ ਕੀਤਾ ਗਿਆ ਸੀ ਪਰ ਇਸ ਵਿੱਚ ਕਿਤੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਗੋਲੀ ਚਲਾਉਣ ਦੇ ਹੁਕਮ ਉਨ੍ਹਾਂ ਨੇ ਦਿੱਤੇ ਸੀ। ਮਜੀਠੀਆ ਨੇ ਕਾਂਗਰਸ ਨੇਤਾ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਦੀ ਪੋਲ ਖੁੱਲ੍ਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਭੜਕਾ ਰਹੇ ਹਨ ਪਰ ਲੋਕ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ।
ਸਿੱਧੂ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਡਾ ਨਾਚਾ ਹੈ। ਇਸ ਨੂੰ ਪੰਜਾਬ ਤੇ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਪਾਕਿਸਤਾਨੀ ਫੌਜ ਨੇ ਬੀਤੇ ਦਿਨ ਫਿਰ ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਕੀਤੇ ਹਨ ਪਰ ਇਸ ਦੇ ਬਾਵਜੂਦ ਸਿੱਧੂ ਦੀ ਤਰਜੀਹ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਜੱਫੀ ਨੂੰ ਹੀ ਹੈ।
ਜਦੋਂ ਮਜੀਠੀਆਂ ਤੋਂ ਸਵਾਲ ਪੁੱਛਿਆ ਗਿਆ ਕਿ ਅਕਾਲੀ ਦਲ ਦੇ ਵੱਡੇ ਲੀਡਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਦੀ ਮੰਗ ਚੱਲ ਰਹੀ ਹੈ ਤਾਂ ਉਨ੍ਹਾਂ ਇਸ ਗੱਲ ਨੂੰ ਟਾਲ ਦਿੱਤਾ। ਸੁਨੀਲ ਜਾਖੜ 'ਤੇ ਹਮਲਾ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਅਕਾਲੀਆਂ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਤੇ ਲੋਕ ਅਕਾਲੀਆਂ ਦਲ ਦਾ ਸਾਥ ਦੇਣਗੇ। ਮਜੀਠੀਆ ਨੇ ਕਿਹਾ ਕਿ ਜੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਪੂਰੀ ਇਮਾਨਦਾਰੀ ਨਾਲ ਹੋਈਆਂ ਤਾਂ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੇਗਾ।
ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਕੱਸਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਜੇਲ੍ਹ ਮੰਤਰੀ ਹੈ ਜੋ ਗੈਂਗਸਟਰਾਂ ਕੋਲੋਂ ਆਪਣੇ ਵਿਭਾਗ ਨੂੰ ਚਲਾਉਣ ਦੀ ਸਲਾਹ ਲੈ ਰਿਹਾ ਹੈ। ਇਸ ਤੋਂ ਰੰਧਾਵੇ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ।






















