(Source: Matrize)
ਭਾਜਪਾ ਆਗੂ ਗਜੇਂਦਰ ਸ਼ੇਖਾਵਤ, ਅਸ਼ਵਨੀ ਸ਼ਰਮਾ ਤੇ ਸੁਨੀਲ ਜਾਖੜ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਬੋਲੇ, ਪੰਜਾਬ 'ਚ ਫਿਰ ਤੋਂ ਲੋਕ ਡਰ ਦੇ ਮਾਹੌਲ 'ਚ ਜੀਅ ਰਹੇ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਭਾਜਪਾ ਆਗੂ ਗਜੇਂਦਰ ਸ਼ੇਖਾਵਤ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਆਗੂ ਫਤਿਹਜੰਗ ਬਾਜਵਾ ਤੇ ਸੁਨੀਲ ਜਾਖੜ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦਾ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਭਾਜਪਾ ਆਗੂ ਗਜੇਂਦਰ ਸ਼ੇਖਾਵਤ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਆਗੂ ਫਤਿਹਜੰਗ ਬਾਜਵਾ ਤੇ ਸੁਨੀਲ ਜਾਖੜ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
ਇਸ ਦੌਰਾਨ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਸਰਕਾਰ ਨੇ ਸਸਤੀ ਜਨਤਕ ਤਰਜੀਹ ਹਾਸਲ ਕਰਨ ਲਈ ਵੀਆਈਪੀਜ਼ ਦੀ ਸੁਰੱਖਿਆ ਘਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੀਆਈਪੀਜ਼ ਦੀ ਸੁਰੱਖਿਆ ਵਿੱਚ ਕੀਤੀ ਕਟੌਤੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਪ੍ਰਚਾਰਿਆ ਗਿਆ। ਇਸ ਨਾਲ ਲੋਕਾਂ ਦੇ ਦੁਸ਼ਮਣਾਂ ਨੂੰ ਸੱਦਾ ਦਿੱਤਾ, ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਜਿਵੇਂ ਕਿ ਸਿੱਧੂ ਮੂਸੇਵਾਲਾ ਨੂੰ ਸ਼ਿਕਾਰ ਹੋਣਾ ਪਿਆ ਹੈ।
ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦਾ ਮਾੜਾ ਦੌਰ ਬੜੀ ਮੁਸ਼ਕਲ ਨਾਲ ਖਤਮ ਹੋਇਆ ਹੈ ਪਰ ਹੁਣ ਇਸ ਗੈਂਗਸਟਰ ਮਾਮਲੇ ਕਾਰਨ ਪੰਜਾਬ ਵਿੱਚ ਫਿਰ ਤੋਂ ਲੋਕ ਡਰ ਦੇ ਮਾਹੌਲ ਵਿੱਚ ਜੀਅ ਰਹੇ ਹਨ। ਜਿਸ ਤਰ੍ਹਾਂ ਸਿੱਧੂ ਨੂੰ ਮਾਰਿਆ ਗਿਆ, ਉਹ ਦੁਖਦਾਈ ਘਟਨਾ ਹੈ। ਪਰਿਵਾਰ ਨੇ ਕਿਹਾ ਹੈ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਐਨਆਈਏ ਇਸ ਮਾਮਲੇ ਦੀ ਜਾਂਚ ਕਰੇਗੀ ਜਾਂ ਨਹੀਂ ਇਸ ਬਾਰੇ ਟਿੱਪਣੀ ਕਰਨਾ ਸਹੀ ਨਹੀਂ ਹੈ।
ਇਸ ਤੋਂ ਪਹਿਲਾਂ ਬੀਤੇ ਕੱਲ੍ਹ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ’ਤੇ ਸਵਾਲ ਚੁੱਕਦਿਆਂ ਸ਼ਰਮਾ ਨੇ ਕਿਹਾ ਸੀ ਕਿ ਪੰਜਾਬ ਵਿਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹਟਾਈ ਸੀ। ਜੇਕਰ ਪੰਜਾਬ ਵਿਚ ਕਾਨੂੰਨ ਵਿਵਸਥਾ ਮੁੱਖ ਮੰਤਰੀ ਵੱਲੋਂ ਨਹੀਂ ਸੰਭਾਲੀ ਜਾਂਦੀ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ। ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ।