ਹੁਣ ਬੀਜੇਪੀ ਸਾਂਸਦ ਸੁਸ਼ੀਲ ਮੋਦੀ ਦਾ ਵੱਡਾ ਇਲਜ਼ਾਮ, ਪੰਜਾਬ ’ਚ ਨਸ਼ੇ ਦੇ ਕੇ ਬਿਹਾਰੀ ਮਜ਼ਦੂਰਾਂ ਤੋਂ ਕਰਵਾਈ ਜਾਂਦੀ ਬੰਧੂਆ ਮਜ਼ਦੂਰੀ
ਸੁਸ਼ੀਲ ਮੋਦੀ ਨੇ ਕਿਹਾ ਕਿ ‘ਬਾਰਡਰ ਸਕਿਓਰਿਟੀ ਫ਼ੋਰਸ’ (BSF) ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ ਤੇ ਅਬੋਹਰ ’ਚ ਪੁੱਛਗਿੱਛ ਦੌਰਾਨ ਬਿਹਾਰ ਤੇ ਉੱਤਰ ਪ੍ਰਦੇਸ਼ ਦੇ 58 ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਹੈ।
ਪਟਨਾ: ਬਿਹਾਰ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਪੰਜਾਬ ’ਚ ਕੰਮ ਕਰ ਰਹੇ ਬਿਹਾਰੀ ਮਜ਼ਦੂਰਾਂ ਦਾ ਮਾਮਲਾ ਉਠਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਬਿਹਾਰੀ ਮਜ਼ਦੂਰਾਂ ਨਾਲ ਅਣਮਨੁੱਖੀ ਵਿਵਹਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬਿਹਾਰੀ ਮਜ਼ਦੂਰਾਂ ਨੂੰ ਨਸ਼ੇ ਦੇ ਕੇ ਉਨ੍ਹਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕਰਵਾਇਆ ਜਾ ਰਿਹਾ ਹੈ।
ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਬਿਹਾਰ ਦੇ ਕਿਰਤ ਵਸੀਲਿਆਂ ਬਾਰੇ ਮੰਤਰੀ ਜੀਵੇਸ਼ ਕੁਮਾਰ ਤੇ ਸਕੱਤਰ ਮਿਹੀਰ ਕੁਮਾਰ ਸਿੰਘ ਨਾਲ ਪੰਜਾਬ ’ਚ ਕੰਮ ਕਰ ਰਹੇ ਬਿਹਾਰੀ ਮਜ਼ਦੂਰਾਂ ਸਬੰਧੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਹਾਰੀ ਮਜ਼ਦੂਰਾਂ ਨੂੰ ਨਸ਼ੀਲੇ ਪਦਾਰਥ ਖੁਆ ਕੇ ਵੱਧ ਘੰਟੇ ਕੰਮ ਕਰਵਾਇਆ ਜਾਂਦਾ ਹੈ। ਇਸ ਵਿਰੁੱਧ ਜਾਂਚ ਕਰਵਾ ਕੇ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸੁਸ਼ੀਲ ਮੋਦੀ ਨੇ ਕਿਹਾ ਕਿ ‘ਬਾਰਡਰ ਸਕਿਓਰਿਟੀ ਫ਼ੋਰਸ’ (BSF) ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ ਤੇ ਅਬੋਹਰ ’ਚ ਪੁੱਛਗਿੱਛ ਦੌਰਾਨ ਬਿਹਾਰ ਤੇ ਉੱਤਰ ਪ੍ਰਦੇਸ਼ ਦੇ 58 ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਹੈ। ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨ ਨਸ਼ਾ ਦੇ ਕੇ ਬੰਧੂਆ ਮਜ਼ਦੂਰ ਬਣਾ ਕੇ ਰੱਖਦੇ ਸਨ।
ਸੁਸ਼ੀਲ ਮੋਦੀ ਨੇ ਕਿਹਾ ਕਿ ਬੀਐਸਐਫ਼ ਵੱਲੋਂ ਇਹ ਮਾਮਲਾ ਸਾਹਮਣੇ ਲਿਆਉਣ ਤੋਂ ਬਾਅਦ 17 ਮਾਰਚ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਉੱਪ ਸਕੱਤਰ ਅਰੁਣ ਸੋਬਤੀ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਇੱਕ ਗੁਪਤ ਪੱਤਰ ਇਸ ਮਾਮਲੇ ਦੀ ਜਾਂਚ ਤੇ ਕਾਰਵਾਈ ਲਈ ਲਿਖਿਆ ਹੈ।
ਚਿੱਠੀ ਵਿੱਚ ਉਨ੍ਹਾਂ ਲਿਖਿਆ ਹੈ ਕਿ ਬੀਐਸਐਫ਼ ਨੇ 2019 ਤੇ 2020 ਦੌਰਾਨ ਜਦੋਂ ਇਨ੍ਹਾਂ ਮਜ਼ਦੂਰਾਂ ਤੋਂ ਪੁੱਛਗਿੱਛ ਕੀਤੀ, ਤਾਂ ਉਹ ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਣ ਮਾਨਸਿਕ ਤੌਰ ਉੱਤੇ ਕਾਫ਼ੀ ਪ੍ਰੇਸ਼ਾਨ ਸਨ ਤੇ ਉਹ ਕਿਸਾਨਾਂ ਕੋਲ ਬੰਧੂਆ ਮਜ਼ਦੂਰੀ ਕਰਨ ਲਈ ਮਜਬੂਰ ਹਨ।
ਭਾਜਪਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਮਨੁੱਖੀ ਤਸਕਰੀ ਕਰਨ ਵਾਲੇ ਗਰੋਹਾਂ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਚੰਗੀ ਤਨਖ਼ਾਹ ਦਾ ਲਾਲਚ ਦੇ ਕੇ ਪੰਜਾਬ ਲਿਆਂਦਾ ਗਿਆ ਸੀ। ਜਿੱਥੇ ਉਨ੍ਹਾਂ ਨੂੰ ਬਹੁਤ ਘੱਟ ਪੈਸੇ ਦੇ ਕੇ ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ।