BJP in Punjab : ਪੰਜਾਬ 'ਚ ਬੀਜੇਪੀ ਨੇ ਸਾਂਭਿਆ ਮੋਰਚਾ : ਹੁਸ਼ਿਆਰਪੁਰ ਪਹੁੰਚ ਰਹੇ ਜੇਪੀ ਨੱਢਾ, ਗੁਰਦਾਸਪੁਰ 'ਚ ਆਉਣਗੇ ਅਮਿਤ ਸ਼ਾਹ
JP Nadda rally Hoshiarpur :
ਕੇਂਦਰ ਵਿੱਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਭਾਜਪਾ ਦੇ ਲੀਡਰਾਂ ਵੱਲੋਂ ਦੇਸ਼ ਦੇ ਹਰ ਸੂਬੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਅੱਜ ਹੁਸ਼ਿਆਰਪੁਰ ਆ ਰਹੇ ਹਨ। ਜਿੱਥੇ ਉਹ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨਗੇ। ਹੁਸ਼ਿਆਰਪੁਰ ਵਿੱਚ ਇਹ ਸਮਾਗਮ ਠੀਕ ਇੱਕ ਵਜੇ ਸ਼ੁਰੂ ਹੋ ਜਾਵੇਗ। ਭਾਜਪਾ ਦੇ ਕੌਮੀ ਬੁਲਾਰੇ ਦੇ ਨਾਲ ਪੰਜਾਬ ਬੀਜੇਪੀ ਦੀ ਸਾਰੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਜੇਪੀ ਨੱਢਾ ਕੇਂਦਰ ਸਰਕਾਰ ਦੀਆਂ 9 ਸਾਲਾਂ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣਗੇ। ਇਹਨਾ ਰੈਲੀਆਂ ਦੇ ਬਹਾਨੇ ਹੀ ਬੀਜੇਪੀ ਨੇ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਅਗਲੇ ਸਾਲ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸੂਬੇ ਵਿੱਚ 4-4 ਕੈਬਨਿਟ ਮੰਤਰੀਆਂ ਦੀ ਅਤੇ ਵੱਡੇ ਲੀਡਰਾਂ ਦੀ ਪ੍ਰਚਾਰ ਕਰਨ ਸਬੰਧੀ ਡਿਊਟੀ ਲਗਾਈ ਗਈ ਹੈ।
ਜੇ.ਪੀ ਨੱਢਾ ਤੋਂ ਬਾਅਦ ਪੰਜਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆ ਰਹੇ ਹਨ। ਅਮਿਤ ਸ਼ਾਹ 18 ਜੂਨ ਨੂੰ ਗੁਰਦਾਸਪੁਰ ਪਹੁੰਚ ਰਹੇ ਹਨ। ਜਿੱਥੇ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ। ਦੇਖਿਆ ਜਾਵੇ ਤਾਂ ਪਿਛਲੇ 2 ਮਹੀਨਿਆਂ ਵਿੱਚ ਅਮਿਤ ਸ਼ਾਹ ਦਾ ਪੰਜਾਬ ਵਿੱਚ ਇਹ ਦੂਸਰਾ ਗੇੜਾ ਹੋਵੇਗਾ। ਇਸ ਤੋਂ ਪਹਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਕਾਸ਼ ਸਿੰਘ ਬਾਦਲ ਦੇ ਭੋਗ 'ਤੇ ਪਿੰਡ ਬਾਦਲ ਵਿੱਚ ਆਏ ਸਨ।
ਬੀਜੇਪੀ ਪੰਜਾਬ ਵਿੱਚ ਇਸ ਵਾਰੇ 13 ਲੋਕ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਉਤਾਰੇਗੀ। ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਆਪਣੇ ਦਮ 'ਤੇ ਪੰਜਾਬ ਵਿੱਚ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ। ਵਿਧਾਨ ਸਭਾ ਚੋਣਾਂ 2022 ਦੀਆਂ ਹੋਣ ਜਾਂ ਫਿਰ ਜਲੰਧਰ ਵਿੱਚ ਜ਼ਿਮਨੀ ਚੋਣ ਹੋਵੇ। ਇਹਨਾਂ ਵਿੱਚ ਭਾਜਪਾ ਨੇ ਇਕੱਲਿਆਂ ਹੀ ਚੋਣ ਲੜੀ ਹੈ ਅਤੇ ਅਕਾਲੀ ਦਲ ਨਾਲੋਂ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ। ਵਿਧਾਨ ਸਭਾ ਵਿੱਚ ਬੀਜੇਪੀ ਦੇ 2 ਵਿਧਾਇਕ ਬਣੇ ਹਨ ਤਾਂ ਅਕਾਲੀ ਦਲ ਦੇ ਤਿੰਨ ਵਿਧਾਇਕ ਹਨ। ਜਲੰਧਰ ਜ਼ਿਮਨੀ ਚੋਣ ਵਿੱਚ ਥੋੜ੍ਹੀਆਂ ਵੋਟਾਂ ਨਾਲ ਬੀਜੇਪੀ, ਅਕਾਲੀ ਦਲ ਤੋਂ ਪਿੱਛੇ ਰਹੀ ਹੈ। ਪਰ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਬੀਜੇਪੀ ਨੇ ਵੋਟਾਂ ਦੀ ਗਿਣਤੀ ਵਿੱਚ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਸੀ।