Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?
Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?
Punjab News: ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਲਈ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਨਹੀਂ ਲੜੇਗਾ। ਅਕਾਲੀ ਦਲ ਦੇ ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ ਵਿੱਚ ਤੂਫਾਨ ਆ ਗਿਆ ਹੈ। ਵਿਰੋਧੀ ਸਿਆਸੀ ਪਾਰਟੀਆਂ ਇਸ ਨੂੰ ਬੀਜੇਪੀ ਦੀ ਰਣਨੀਤੀ ਕਰਾਰ ਦੇ ਰਹੀਆਂ ਹਨ। ਉਧਰ, ਅਕਾਲੀ ਦਲ ਦੇ ਵਰਕਰਾਂ ਅੰਦਰ ਵੀ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ ਕਿ ਇਸ ਵਾਰ ਵੋਟ ਕਿਸ ਧਿਰ ਨੂੰ ਪਾਈ ਜਾਵੇ।
ਇਸ ਬਾਰੇ ਅਕਾਲੀ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਨੇ ਇਹ ਫ਼ੈਸਲਾ ਭਾਜਪਾ ਦੇ ਦਬਾਅ ਹੇਠ ਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਸ਼ਾਰੇ ਉੱਤੇ ਅਕਾਲੀ ਦਲ ਨੇ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕਿਆਂ ਤੋਂ ਆਪਣੇ ਸੰਭਾਵੀ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਤੇ ਸੋਹਣ ਸਿੰਘ ਠੰਡਲ ਸਿੱਧੇ ਹੀ ਭਾਜਪਾ ਨੂੰ ਦੇ ਦਿੱਤੇ ਹਨ ਜਦੋਂਕਿ ਤੀਜੇ ਹਲਕੇ ਗਿੱਦੜਬਾਹਾ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਪਿੱਛੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਦਾ ਇਹ ਫ਼ੈਸਲਾ ਆਪਣੇ ਵਰਕਰਾਂ ਤੇ ਲੋਕਾਂ ਨੂੰ ਮੰਝਧਾਰ ਵਿਚ ਡੋਬਣ ਦੇ ਬਰਾਬਰ ਹੈ।
ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
ਉਧਰ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਦਲ ਦੇ ਜ਼ਿਮਨੀ ਚੋਣ ਦੇ ਬਾਈਕਾਟ ਪਿੱਛੇ ਭਾਜਪਾ ਦੀ ਵੱਡੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ, ਸਗੋਂ ਸੰਸਦ ਮੈਂਬਰ ਸਰਬਜੀਤ ਸਿੰਘ ਵੱਲੋਂ ਉਪ ਚੋਣਾਂ ’ਚ ਆਪਣੇ ਸਮਰਥਕ ਉਮੀਦਵਾਰ ਖੜ੍ਹੇ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਇਸ ਪਿੱਛੇ ਭਾਜਪਾ ਦੀ ਰਣਨੀਤੀ ਕੰਮ ਕਰ ਰਹੀ ਹੈ। ਜਿਵੇਂ ਵਿਰੋਧੀ ਪਾਰਟੀਆਂ ਚੋਣ ਪਿੜ ਵਿੱਚੋਂ ਬਾਹਰ ਹੋ ਗਈਆਂ ਹਨ, ਉਸ ਤੋਂ ਇਹ ਜਾਪਦਾ ਹੈ ਕਿ ਭਾਜਪਾ ਸੂਬੇ ਵਿੱਚ ਵੱਡੀ ਖੇਡ ਖੇਡਣ ਜਾ ਰਹੀ ਹੈ।
ਅਹਿਮ ਗੱਲ ਹੈ ਕਿ ਅਕਾਲੀ ਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਹਾਰਾ ਲੈ ਕੇ ਚੋਣਾਂ ਦਾ ਬਾਈਕਾਟ ਕੀਤਾ ਹੈ ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਲੜਨ ਉੱਤੇ ਕੋਈ ਪਾਬੰਦੀ ਨਹੀਂ। ਜਥੇਦਾਰ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਸਬੰਧਤ ਮਾਮਲਾ ਅਕਾਲ ਤਖ਼ਤ ਵਿਖੇ ਵਿਚਾਰ ਅਧੀਨ ਹੈ, ਜਿਸ ਲਈ ਉਨ੍ਹਾਂ ਨੂੰ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਪਰ ਬਾਕੀ ਪਾਰਟੀ ’ਤੇ ਕੋਈ ਪਾਬੰਦੀ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣਾਂ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਆਪਣੇ ਉਮੀਦਵਾਰ ਐਲਾਨ ਕੇ ਚੋਣ ਲੜ ਸਕਦਾ ਹੈ।
ਇਹ ਵੀ ਪੜ੍ਹੋ: ਲਾਰੇਂਸ ਦਾ ਭਰਾ ਅਨਮੋਲ ਬਿਸ਼ਨੋਈ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, NIA ਨੇ ਐਲਾਨਿਆ 10 ਲੱਖ ਦਾ ਇਨਾਮ