ਬੀਜੇਪੀ 'ਚ ਵੱਡਾ ਅਹੁਦਾ ਮਿਲਦੇ ਹੀ ਕਾਹਲੋਂ ਦੀ ਕਿਸਾਨਾਂ ਨੂੰ ਚੇਤਾਵਨੀ! 'ਮੈਂ ਹੁੰਦਾ, ਡਾਂਗਾਂ ਮਾਰ-ਮਾਰ ਜੇਲ੍ਹਾਂ 'ਚ ਬੰਦ ਕਰ ਦਿੰਦਾ', ਹੁਣ ਕਸੂਤੀ ਘਿਰੀ ਪਾਰਟੀ
ਕਾਹਲੋਂ ਨੇ ਕਿਹਾ ਸੀ ‘‘ਇਹ ਤਾਂ ਮੋਦੀ ਸਾਹਬ ਬੈਠੇ ਨੇ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਨੇ, ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਈਂ ਮਾਰ-ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ਵਿਚ ਬੰਦ ਕਰ ਦਿੰਦਾ।

ਚੰਡੀਗੜ੍ਹ: ਬੀਜੇਪੀ ਦੇ ਨਵ-ਨਿਯੁਕਤ ਸੂਬਾਈ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਨੇ ਪਾਰਟੀ ਲਈ ਨਵੀਂ ਮੁਸੀਬਤ ਛੇੜ ਦਿੱਤੀ ਹੈ। ਉਨ੍ਹਾਂ ਨੇ ਅਹੁਦਾ ਸੰਭਾਲਦਿਆਂ ਹੀ ਕਿਸਾਨਾਂ ਨੂੰ ਡਾਂਗਾਂ ਮਾਰ-ਮਾਰ ਕੇ ਭਜਾਉਣ ਦਾ ਬਿਆਨ ਦੇ ਕੇ ਮਾਹੌਲ ਭਖਾ ਦਿੱਤਾ ਹੈ। ਇੱਕ ਪਾਸੇ ਕਿਸਾਨ ਜਥੰਬਦੀਆਂ ਨੇ ਕਾਹਲੋਂ ਦੇ ਬਿਆਨ ਦੀ ਅਲੋਚਨਾ ਕੀਤੀ ਹੈ, ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਦੇ ਨਾਲ ਹੀ ਬੀਜੇਪੀ ਲੀਡਰਾਂ ਨੇ ਵੀ ਇਸ ਬਿਆਨ ਦੀ ਨਿੰਦਾ ਕੀਤੀ ਹੈ।
ਦਰਅਸਲ ਹਰਿੰਦਰ ਸਿੰਘ ਕਾਹਲੋਂ ਦੇ ਸਵਾਗਤ ਲਈ ਜਲੰਧਰ ਦੇ ਸ਼ੀਤਲਾ ਮੰਦਰ ਵਿਚਲੇ ਪਾਰਟੀ ਦਫ਼ਤਰ ’ਚ ਸਮਾਗਮ ਰੱਖਿਆ ਹੋਇਆ ਸੀ। ਇਸ ਨੂੰ ਸੰਬੋਧਨ ਕਰਦਿਆਂ ਸੂਬਾਈ ਬੁਲਾਰੇ ਕਾਹਲੋਂ ਨੇ ਕਿਹਾ ਸੀ ‘‘ਇਹ ਤਾਂ ਮੋਦੀ ਸਾਹਬ ਬੈਠੇ ਨੇ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਨੇ, ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਈਂ ਮਾਰ-ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ਵਿਚ ਬੰਦ ਕਰ ਦਿੰਦਾ। ਇਨ੍ਹਾਂ ਦਾ ਹਾਲ ਹੁਣ ਏਹੀ ਕਰਨਾ ਪੈਣਾ।’’
ਕਾਹਲੋਂ ਦੇ ਇਸ ਬਿਆਨ ਮਗਰੋਂ ਬੀਜੇਪੀ ਦੀ ਦਾਲਤ ਕਸੂਤੀ ਬਣ ਗਈ ਹੈ। ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਹੈ ਕਿ ਅਜਿਹੇ ਬਿਆਨ ਕਦੇ ਨਹੀਂ ਦੇਣੇ ਚਾਹੀਦੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਅਜਿਹਾ ਬਿਆਨ ਦਿੱਤਾ ਹੈ ਤਾਂ ਇਹ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤਾਂ ਖਤਮ ਹੋ ਜਾਣਾ ਹੈ, ਫਿਰ ਪੰਜਾਬ ਵਿੱਚ ਸਾਰੇ ਭਾਈਚਾਰਿਆਂ ਨੇ ਇਕੱਠੇ ਰਹਿਣਾ ਹੈ।
ਕਾਂਗਰਸ ਦੇ ਬੁਲਾਰੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਜਿਹੀ ਤਲਖ ਟਿੱਪਣੀ ਕਰਨੀ ਭਾਜਪਾ ਲੀਡਰਸ਼ਿਪ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਮਾਹੌਲ ਨੂੰ ਖਰਾਬ ਕਰ ਸਕਦੇ ਹਨ। ਉਧਰ, ਅਕਾਲੀ ਦਲ ਦੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਹਲੋਂ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਬਿਆਨ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਨਾਲ ਬੀਜੇਪੀ ਵੱਲੋਂ ਪੰਜਾਬ ਨੂੰ ਰਾਸ਼ਟਰਪਤੀ ਰਾਜ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।






















