ਭਾਕਿਯੂ ਸਿੱਧੂਪੁਰ ਨੇ ਰੈਲੀ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ
ਬਰਨਾਲਾ ਦੀ ਦਾਣਾ ਮੰਡੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵਿਸ਼ਾਲ ਕਿਸਾਨ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਦੇ ਕਈ ਵੱਡੇ ਕਿਸਾਨ ਆਗੂ ਹਾਜ਼ਰ ਹੋਏ।
ਬਰਨਾਲਾ: ਬਰਨਾਲਾ ਦੀ ਦਾਣਾ ਮੰਡੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵਿਸ਼ਾਲ ਕਿਸਾਨ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਦੇ ਕਈ ਵੱਡੇ ਕਿਸਾਨ ਆਗੂ ਹਾਜ਼ਰ ਹੋਏ। ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ ਅਤੇ ਮਹਾਂਰਾਸ਼ਟਰ ਤੋਂ ਵੀ ਕਿਸਾਨ ਨੇਤਾਵਾਂ ਨੇ ਕਿਸਾਨ ਰੈਲੀ ਵਿੱਚ ਹਾਜ਼ਰੀ ਲਗਵਾਈ।
ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਔਰਤਾਂ ਅਤੇ ਨੌਜਵਾਨ ਰੈਲੀ ਵਿੱਚ ਸ਼ਾਮਲ ਹੋਏ। ਇਹ ਰੈਲੀ ਕੇਂਦਰ ਦੇ ਨਾਲ ਨਾਲ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਵਾਅਦਾਖਿਲਾਫ਼ੀ ਅਤੇ ਕਿਸਾਨਾਂ ਦੇ ਲਟਕਦੇ ਮਸਲਿਆਂ ਨੂੰ ਲੈ ਕੇ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ BKU ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ "ਅੱਜ ਦੀ ਰੈਲੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਲਈ ਕੀਤੀ ਗਈ ਹੈ। ਕਿਉਂਕਿ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਮਾਮਲਿਆਂ ਨੂੰ ਅਣਦੇਖਿਆਂ ਕਰ ਰਹੀ ਹੈ। ਕਿਉਂਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪ੍ਰਤੀ ਏਕੜ 25 ਕੁਵਿੰਟਲ ਖ਼ਰੀਦ ਤੋਂ ਜਵਾਬ ਦੇ ਦਿੱਤਾ ਹੈ। ਕੇਂਦਰ ਦੀ ਇਸ ਗੱਲ ਤੇ ਪੰਜਾਬ ਸਰਕਾਰ ਵੀ ਹਾਂ ਭਰ ਰਹੀ ਹੈ। ਦੂਜਾ ਕਿਸਾਨਾਂ ਦਾ ਮਾਲਵਾ ਪੱਟੀ ਵਿੱਚ ਵੱਡੇ ਪੱਧਰ ਤੇ ਨਰਮੇ ਦੀ ਫ਼ਸਲ ਬਰਬਾਦ ਹੋ ਗਈ। ਜਿਸਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਸੁਹਿਰਦ ਨਹੀਂ ਹੈ। ਇਸਤੋਂ ਇਲਾਵਾ 26 ਨਵੰਬਰ ਤੋਂ ਬਾਅਦ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿਤਾ ਗਿਆ।"
ਉਨ੍ਹਾਂ ਕਿਹਾ, "ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਜੋ ਚੋਣਾਂ ਮੌਕੇ ਕਰਜ਼ਾਮਾਫ਼ੀ ਦਾ ਵਾਅਦਾ ਕੀਤਾ ਸੀ, ਉਸਨੂੰ ਪੂਰਾ ਨਹੀਂ ਕੀਤਾ ਗਿਆ। ਕਾਂਗਰਸ ਪਾਰਟੀ ਨੇ ਭਾਵੇਂ ਮੁੱਖ ਮੰਤਰੀ ਬਦਲ ਦਿੱਤਾ ਹੈ, ਪਰ ਸਰਕਾਰ ਅਜੇ ਵੀ ਕਾਂਗਰਸ ਪਾਰਟੀ ਦੀ ਹੈ, ਜਿਸਨੇ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ। ਸਰਕਾਰ ਨੇ ਜੇਕਰ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਉਹ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਘਿਰਾਉ ਲਈ ਚੰਡੀਗੜ੍ਹ ਵਿੱਚ ਦਾਖ਼ਲ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।"
ਇਸ ਤੋਂ ਇਲਾਵਾ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ " ਕੇਂਦਰ ਸਰਕਾਰ ਵਿਰੁੱਧ ਕਿਸਾਨ ਸੰਘਰਸ਼ ਹੋਰ ਤੇਜ਼ ਹੋ ਰਿਹਾ ਹੈ। ਲਖੀਮਪੁਰੀ ਖੀਰੀ ਘਟਨਾ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਜਿੰਨਾਂ ਸਮਾਂ ਇਸ ਘਟਨਾ ਲਈ ਜਿੰਮੇਵਾਰ ਕੇਂਦਰੀ ਰਾਜ ਗ੍ਰਹਿ ਮੰਤਰੀ ਨੂੰ ਮੰਤਰੀ ਪਦ ਤੋਂ ਉਤਾਰਿਆ ਨਹੀਂ ਜਾਂਦਾ, ਉਹਨਾਂ ਦਾ ਸੰਘਰਸ਼ ਤੇਜ਼ ਹੋਵੇਗਾ। ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।"