ਬਗੈਰ ਪਰਮਿਟ ਤੇ ਨਾਜਾਇਜ਼ ਬੱਸਾਂ ਨੂੰ ਲੱਗੀ ਬ੍ਰੇਕ, ਪੀਆਰਟੀਸੀ ਦਾ ਭਰਿਆ ਖਜ਼ਾਨਾ, ਰਾਜਾ ਪਹੁੰਚੇ ਮਹਾਰਾਜਾ ਦੇ ਸ਼ਾਹੀ ਸ਼ਹਿਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਮਹਾਰਾਜਾ ਯਾਨੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ।
ਪਟਿਆਲਾ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਮਹਾਰਾਜਾ ਯਾਨੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ। ਰਾਜਾ ਵੜਿੰਗ ਨੇ ਅੱਜ ਸਵੇਰੇ ਪਟਿਆਲਾ ਦੇ ਬੱਸ ਅੱਡੇ ਤੇ ਪੀਆਰਟੀਸੀ ਦੇ ਪਟਿਆਲਾ ਡਿਪੂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਇੱਥੇ ਡਰਾਇਵਰਾਂ ਤੇ ਕੰਡਕਟਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ ਤੇ ਬੱਸ ਅੱਡੇ ਵਿਖੇ ਜਨਤਕ ਸਹੂਲਤਾਂ ਦਾ ਜਾਇਜ਼ਾ ਲੈਣ ਸਮੇਤ ਸਵਾਰੀਆਂ ਨਾਲ ਗੱਲਬਾਤ ਕਰਕੇ ਸਰਕਾਰੀ ਬੱਸਾਂ 'ਚ ਸਫ਼ਰ ਸਹੂਲਤ ਸਬੰਧੀਂ ਫੀਡਬੈਕ ਹਾਸਲ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਰਾਜ ਅੰਦਰ ਬਿਨਾਂ ਪਰਮਿਟ ਤੇ ਨਾਜਾਇਜ਼ ਬੱਸਾਂ 'ਤੇ ਲਗਾਮ ਕਸਣ ਨਾਲ ਸਰਕਾਰੀ ਬੱਸਾਂ ਦੀ ਬੁਕਿੰਗ 'ਚ ਵਾਧਾ ਹੋਇਆ ਹੈ ਤੇ ਪੀਆਰਟੀਸੀ ਦੀ ਰੋਜ਼ਾਨਾ ਆਮਦਨ 1.70 ਕਰੋੜ ਰੁਪਏ ਤੋਂ 1.87 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਆਖਿਆ ਕਿ ਨਿੱਜੀ ਟਰਾਂਸਪੋਰਟਰਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਹੀ ਰਾਜ ਵਿੱਚੋਂ ਬੱਸ ਮਾਫ਼ੀਆ ਦਾ ਖਾਤਮਾ ਕੀਤਾ ਜਾਵੇਗਾ, ਜਿਸ ਲਈ ਆਰਟੀਏਜ ਦੇ ਨਾਲ-ਨਾਲ ਜੀਐਮਜ ਨੂੰ ਵੀ ਆਪਣੇ ਬੱਸ ਅੱਡੇ ਦੇ 500 ਮੀਟਰ ਦੇ ਘੇਰੇ ਅੰਦਰ-ਅੰਦਰ ਨਜਾਇਜ਼ ਤੇ ਬਿਨਾਂ ਪਰਮਿਟ ਬੱਸਾਂ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਗਏ ਹਨ।
ਰਾਜਾ ਵੜਿੰਗ ਨੇ ਦੱਸਿਆ ਕਿ ਜਲਦੀ ਹੀ ਸਰਕਾਰੀ ਬੱਸਾਂ ਦੇ ਬੇੜੇ 'ਚ 842 ਬੱਸਾਂ ਦਾ ਵਾਧਾ ਬਹੁਤ ਜਲਦ ਕੀਤਾ ਜਾ ਰਿਹਾ ਹੈ, ਜਿਸ 'ਚੋਂ ਪੰਜਾਬ ਰੋਡਵੇਜ ਪਨਬਸ 'ਚ 587 ਅਤੇ ਪੀਆਰਟੀਸੀ ਦੇ ਬੇੜੇ 'ਚ 255 ਬੱਸਾਂ ਪਾਈਆਂ ਜਾ ਰਹੀਆਂ ਹਨ। ਟਰਾਂਸਪੋਰਟ ਮੰਤਰੀ ਨੇ ਡਰਾਇਵਰਾਂ ਤੇ ਕੰਡਕਟਰਾਂ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਨੇ ਠੇਕੇ 'ਤੇ ਕੰਮ ਕਰਦੇ ਡਰਾਇਵਰਾਂ ਤੇ ਕੰਡਕਟਰਾਂ ਦੀਆਂ ਉਜ਼ਰਤਾਂ 'ਚ 30 ਫ਼ੀਸਦੀ ਇਜ਼ਾਫ਼ਾ ਕੀਤਾ ਹੈ ਤੇ 5 ਫ਼ੀਸਦੀ ਸਾਲਾਨਾ ਤਰੱਕੀ ਵੀ ਲਾਗੂ ਕੀਤੀ ਹੈ। ਇਸ ਤੋਂ ਬਿਨ੍ਹਾਂ ਠੇਕਾ ਅਧਾਰਤ ਕਾਮਿਆਂ ਨੂੰ ਪੱਕਾ ਕਰਨ ਲਈ ਵੀ ਕੇਸ ਨੂੰ ਹਾਂ ਪੱਖੀ ਢੰਗ ਨਾਲ ਵਿਚਾਰਿਆ ਜਾ ਰਿਹਾ ਹੈ।
ਪਟਿਆਲਾ ਬੱਸ ਅੱਡੇ ਵਿਖੇ ਟਰਾਂਸਪੋਰਟ ਮੰਤਰੀ ਨੇ ਸਰਕਾਰੀ ਬੱਸ ਅੱਡਿਆਂ ਵਿਖੇ ਸਥਿਤ ਖਾਣ-ਪੀਣ ਦੀਆਂ ਦੁਕਾਨਾਂ ਤੋਂ ਲੋਕਾਂ ਨੂੰ ਸਮਾਨ ਵੱਧ ਰੇਟ 'ਤੇ ਵੇਚੇ ਜਾਣ ਦੀਆਂ ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਮਿਲਣ ਦਾ ਗੰਭੀਰ ਨੋਟਿਸ ਲੈਂਦਿਆਂ ਏਐਮਡੀ ਤੇ ਜੀਐਮਜ ਨੂੰ ਹਦਾਇਤ ਕੀਤੀ ਕਿ ਇਸ ਸਬੰਧੀਂ ਬਾਕਾਇਦਾ ਨਿਰੀਖਣ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਸਰਕਾਰੀ ਬੱਸਾਂ ਦੀ ਓਵਰ ਸਪੀਡ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਬੱਸਾਂ ਗਤੀ ਨੂੰ ਨਿਯਮਤ ਕਰਨ ਲਈ ਲਗਾਏ ਗਏ ਵੀਟੀਐਸ ਸਿਸਟਮ ਦਾ ਵੀ ਨਿਰੰਤਰ ਜਾਇਜ਼ਾ ਲੈਂਦੇ ਰਹਿਣ ਦੀ ਅਧਿਕਾਰੀਆਂ ਨੂੰ ਤਾਕੀਦ ਕੀਤੀ।