Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ...
Farmers Protest: ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਹੈ। ਅੱਜ ਉਨ੍ਹਾਂ ਦੇ ਵਰਤ ਦਾ 45ਵਾਂ ਦਿਨ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ (ਬੀਪੀ)
Farmers Protest: ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਹੈ। ਅੱਜ ਉਨ੍ਹਾਂ ਦੇ ਵਰਤ ਦਾ 45ਵਾਂ ਦਿਨ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ (ਬੀਪੀ) ਲਗਾਤਾਰ ਡਿੱਗ ਰਿਹਾ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਅਜਿਹੀ ਸਥਿਤੀ ਵਿੱਚ ਹੁਣ ਉਹ ਕਿਸੇ ਨੂੰ ਵੀ ਨਹੀਂ ਮਿਲਣਗੇ।
ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਡਾਕਟਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਲੱਤਾਂ ਸਿੱਧੀਆਂ ਰੱਖੀਆਂ ਜਾਂਦੀਆਂ ਹਨ ਤਾਂ ਬਲੱਡ ਪ੍ਰੈਸ਼ਰ ਕਾਫ਼ੀ ਘੱਟ ਜਾਂਦਾ ਹੈ। ਬਲੱਡ ਪ੍ਰੈਸ਼ਰ ਨੂੰ ਥੋੜ੍ਹਾ ਸਥਿਰ ਕਰਨ ਲਈ ਉਨ੍ਹਾਂ ਦੀਆਂ ਲੱਤਾਂ ਨੂੰ ਉੱਚਾ ਰੱਖਣਾ ਪੈ ਰਿਹਾ ਹੈ। ਉਨ੍ਹਾਂ ਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਬੁੱਧਵਾਰ ਨੂੰ ਉਹ ਪੂਰਾ ਦਿਨ ਆਪਣੀ ਟਰਾਲੀ ਵਿੱਚ ਹੀ ਰਹੇ। ਉਨ੍ਹਾਂ ਨੇ ਆਪਣੇ ਨਜ਼ਦੀਕੀ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਰਾਹੀਂ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਮਰਨ ਵਰਤ ਦੇ ਰੂਪ ’ਚ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ।
ਡੱਲੇਵਾਲ ਦੇ ਪੋਤਰੇ ਜਿਗਰਜੋਤ ਸਿੰਘ ਨੇ ਨਿਢਾਲ ਪਏ ਦਾਦੇ ਨੂੰ ਹੌਸਲਾ ਦਿੱਤਾ ਕਿ ‘ਦਾਦਾ ਜੀ ਆਪਾਂ ਮੋਰਚਾ ਜਿੱਤ ਕੇ ਘਰ ਨੂੰ ਮੁੜਨਾ ਹੈ।’ ਡੱਲੇਵਾਲ ਦੇ ਬਚਪਨ ਦੇ ਦੋਸਤ ਸਾਬਕਾ ਫ਼ੌਜੀ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਡੱਲੇਵਾਲ ਕਹੀ ਗੱਲ ਤੋਂ ਪਿਛਾਂਹ ਨਹੀਂ ਮੁੜਦਾ, ਉਹ ਕਹਿਣੀ ਕਥਨੀ ਦਾ ਪੂਰਾ ਹੈ ਤੇ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੰਗਾਂ ਪ੍ਰਵਾਨ ਕਰੇ।
ਉਧਰ, ਸਮਾਜਵਾਦੀ ਪਾਰਟੀ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਪਾਰਟੀ ਦੇ ਸੰਸਦ ਮੈਂਬਰ ਤੇ ਰਾਸ਼ਟਰੀ ਜਨਰਲ ਸਕੱਤਰ ਹਰਿੰਦਰ ਮਲਿਕ ਨੇ ਬੁੱਧਵਾਰ ਨੂੰ ਡੱਲੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੀ ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਨਾਲ ਫ਼ੋਨ 'ਤੇ ਗੱਲ ਕਰਵਾਈ। ਅਖਿਲੇਸ਼ ਨੇ ਕਿਸਾਨ ਲੀਡਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਗੱਲ ਕਰਨਗੇ ਤੇ ਕੋਸ਼ਿਸ਼ ਕਰਨਗੇ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੇ ਮਤਭੇਦ ਭੁੱਲ ਕੇ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ 'ਤੇ ਇੱਕਜੁੱਟ ਹੋਣ ਤਾਂ ਜੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ।
ਦੱਸ ਦਈਏ ਕਿ ਕਿਸਾਨਾਂ ਨੇ 10 ਜਨਵਰੀ ਨੂੰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਜਾਵੇਗਾ। ਜਦੋਂਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਕੇਂਦਰ ਸਰਕਾਰ ਦੀ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।