(Source: ECI/ABP News/ABP Majha)
Punjab Weather Update: ਠੰਢ ਨੂੰ ਬਾਏ-ਬਾਏ! ਪੰਜਾਬ 'ਚ ਗਰਮੀ ਦਾ ਦੌਰ ਸ਼ੁਰੂ, ਅਗਲੇ ਦਿਨਾਂ 'ਚ ਚੜ੍ਹੇਗਾ ਪਾਰਾ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਚਾਰ ਦਿਨਾਂ 'ਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ ਪੰਜ ਡਿਗਰੀ ਤੱਕ ਵਧੇਗਾ। ਇਸ ਵੇਲੇ ਪੰਜਾਬ ਦੇ ਬਹੁਤੇ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ। ਇਹ ਆਉਣ ਵਾਲੇ ਦਿਨਾਂ ਵਿੱਚ ਹੌਲੀ-ਹੌਲੀ ਆਮ ਵੱਲ ਵਧੇਗਾ।
Punjab Weather Update: ਪੰਜਾਬ ਵਿੱਚ ਹੁਣ ਗਰਮੀ ਸ਼ੁਰੂ ਹੋਣ ਜਾ ਰਹੀ ਹੈ। ਅਗਲੇ ਦਿਨਾਂ ਅੰਦਰ ਪਾਰਾ 4 ਤੋਂ 5 ਡਿਗਰੀ ਚੜ੍ਹੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਚਾਰ ਦਿਨਾਂ 'ਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ ਪੰਜ ਡਿਗਰੀ ਤੱਕ ਵਧੇਗਾ। ਇਸ ਵੇਲੇ ਪੰਜਾਬ ਦੇ ਬਹੁਤੇ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ। ਇਹ ਆਉਣ ਵਾਲੇ ਦਿਨਾਂ ਵਿੱਚ ਹੌਲੀ-ਹੌਲੀ ਆਮ ਵੱਲ ਵਧੇਗਾ।
ਦੱਸ ਦਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਪਹਾੜਾਂ 'ਤੇ ਬਰਫਬਾਰੀ ਤੇ ਮੈਦਾਨੀ ਇਲਾਕਿਆਂ 'ਚ ਹੋਈ ਬਾਰਸ਼ ਤੋਂ ਬਾਅਦ ਪੰਜਾਬ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਹੇਠਾਂ ਆ ਗਿਆ ਹੈ। ਪੱਛਮੀ ਗੜਬੜ ਹੁਣ ਪੰਜਾਬ ਤੋਂ ਮੱਧ ਭਾਰਤ ਵੱਲ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਹੁਣ ਹਾਲਾਤ ਆਮ ਵਾਂਗ ਰਹਿਣਗੇ ਤੇ ਇੱਕ-ਦੋ ਦਿਨਾਂ ਵਿੱਚ ਤਾਪਮਾਨ ਵੀ ਆਮ ਵਾਂਗ ਹੋ ਜਾਵੇਗਾ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਹਾੜਾਂ ਵਿੱਚ ਬਰਫ਼ਬਾਰੀ ਤੇ ਉਪਰਲੇ ਇਲਾਕਿਆਂ ਤੋਂ ਹੇਠਾਂ ਵੱਲ ਵਗਣ ਵਾਲੀਆਂ ਠੰਢੀਆਂ ਹਵਾਵਾਂ ਕਾਰਨ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਇੱਕ ਦਿਨ ਵਿੱਚ 3.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਇਸ ਕਾਰਨ ਫ਼ਿਰੋਜ਼ਪੁਰ ਦਾ ਤਾਪਮਾਨ ਇੱਕ ਵਾਰ ਫਿਰ 5 ਤੋਂ 4.3 ਡਿਗਰੀ ਘੱਟ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 8.8 ਐਮਐਮ, ਮੁਹਾਲੀ ਵਿੱਚ 7 ਐਮਐਮ, ਫ਼ਿਰੋਜ਼ਪੁਰ ਵਿੱਚ 1.5 ਐਮਐਮ, ਪਠਾਨਕੋਟ ਵਿੱਚ 1.7 ਐਮਐਮ ਤੇ ਲੁਧਿਆਣਾ ਵਿੱਚ 0.5 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ।
ਪੰਜਾਬ ਦੇ ਵੱਡੇ ਸ਼ਹਿਰਾਂ ਦੇ ਮੌਸਮ ਦਾ ਹਾਲ
ਅੰਮ੍ਰਿਤਸਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 6.2 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਅੱਜ ਧੁੱਪ ਖਿੜ੍ਹੀ ਤੇ ਹਲਕੇ ਬੱਦਲ ਵੀ ਵੇਖੇ ਜਾ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਜਲੰਧਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਅੱਜ ਧੁੱਪ ਨਿਕਲੀ ਹੈ ਤੇ ਹਲਕੇ ਬੱਦਲਾਂ ਦੀ ਵੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
ਇਸੇ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਸ਼ਹਿਰ ਵਿੱਚ ਧੁੱਪ ਨਿਕਲੀ ਹੈ ਪਰ ਹਲਕੇ ਬੱਦਲ ਵੀ ਹੋ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੱਕ ਪਹੁੰਚ ਸਕਦਾ ਹੈ। ਮੁਹਾਲੀ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 10.5 ਡਿਗਰੀ ਦਰਜ ਕੀਤਾ ਗਿਆ। ਅੱਜ ਸਵੇਰੇ ਅਸਮਾਨ ਸਾਫ਼ ਹੈ ਪਰ ਹਲਕੇ ਬੱਦਲ ਹੋ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੱਕ ਪਹੁੰਚ ਜਾਵੇਗਾ।