ਕੈਬਨਿਟ ਮੰਤਰੀ ਜਿੰਪਾ ਤੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਗੁਰਮੇਲ ਸਿੰਘ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ, ਬਹੁਮੱਤ ਨਾਲ ਜਿੱਤ ਦਾ ਦਾਅਵਾ
ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਵਿਧਾਇਕਾ ਤੇ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਹਲਕੇ ਤੋਂ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਦੌਰਾ ਕੀਤਾ।
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਵਿਧਾਇਕਾ ਤੇ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਹਲਕੇ ਤੋਂ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਦੌਰਾ ਕੀਤਾ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਨੂੰ ਜੇਤੂ ਬਣਾਉਣ ਦੀ ਅਪੀਲ ਕੀਤੀ।
ਬੁੱਧਵਾਰ ਨੂੰ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਨਾਲ ਹਲਕੇ ਦੇ ਪਿੰਡਾਂ ਭੱਟੀਵਾਲ ਖੁਰਦ, ਭੱਟੀਵਾਲ ਕਲਾਂ, ਬਾਸੀਅਰਖ, ਨਰੈਣਗੜ੍ਹ, ਰਾਮ ਗੜ੍ਹ, ਕਪਿਆਲ, ਰੇਤਗੜ੍ਹ, ਰਾਮਪੁਰਾ, ਅਨਾਜ ਮੰਡੀ ਭਵਾਨੀਗੜ੍ਹ, ਝਨੇੜੀ, ਬਟਰਿਆਣਾ, ਘਾਬਦਾਂ, ਭਿੰੜਰਾ, ਬਾਲੀਆਂ, ਰੂਪਾਹੇੜੀ, ਸਾਰੋ ਅਤੇ ਮੰਗਵਾਲ ਦਾ ਦੌਰਾ ਕੀਤਾ ਅਤੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਚੋਣ ਪ੍ਰਚਾਰ ਦੌਰਾਨ ਉਮੀਦਵਾਰ ਗੁਰਮੇਲ ਸਿੰਘ ਨੇ ਦਾਅਵਾ ਕੀਤਾ, ‘ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਕਰੀਬ ਤਿੰਨ ਮਹੀਨਿਆਂ ’ਚ ਬਹੁਤ ਸਾਰੇ ਵਿਕਾਸਮਈ ਅਤੇ ਲੋਕ ਹਿਤੈਸ਼ੀ ਕੰਮ ਕੀਤੇ ਹਨ। ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰ ਰਹਿੰਦਿਆਂ ਭਗਵੰਤ ਮਾਨ ਨੇ ਪੰਜਾਬ ਸਮੇਤ ਸੰਗਰੂਰ ਹਲਕੇ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਸੰਸਦ ਵਿੱਚ ਸ਼ਾਨਦਾਰ ਤਰੀਕਿਆਂ ਨਾਲ ਪੇਸ਼ ਕੀਤਾ ਸੀ। ਉਸੇ ਤਰ੍ਹਾਂ ਉਹ (ਗੁਰਮੇਲ ਸਿੰਘ) ਸੰਗਰੂਰ ਦੇ ਲੋਕਾਂ ਦੀ ਆਵਾਜ਼ ਸੰਸਦ ’ਚ ਬੁਲੰਦ ਕਰਨਗੇ।’
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਗੁਰਮੇਲ ਸਿੰਘ ਨੂੰ ਲੋਕ ਸਭਾ ’ਚ ਭੇਜਣ ਦਾ ਮਨ ਪੂਰੀ ਤਰ੍ਹਾਂ ਬਣਾ ਲਿਆ ਹੈ। ‘ਆਪ’ ਦੀ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਪੱਖੀ ਫ਼ੈਸਲੇ ਲੈ ਰਹੇ ਹਨ। ਇਸ ਲਈ ਲੋਕ ਮਾਨ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਵੋਟਾਂ ਪਾਉਣਗੇ।
‘ਆਪ’ ਦੀ ਵਿਧਾਇਕਾ ਬੀਬਾ ਅਨਮੋਲ ਗਗਨ ਮਾਨ ਨੇ ਗੁਰਮੇਲ ਸਿੰਘ ਦੇ ਹੱਕ ’ਚ ਵੱਖ ਵੱਖ ਥਾਂਵਾਂ ’ਤੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਿਛਲੀਆਂ ਸਰਕਾਰਾਂ ਚਾਰ ਸਾਲ ਕੋਈ ਕੰਮ ਨਹੀਂ ਕਰਦੀਆਂ ਸਨ ਅਤੇ ਪੰਜਵੇਂ ਸਾਲ ਕੁੱਝ ਕੰਮ ਸ਼ੁਰੂ ਕਰਵਾ ਦਿੱਤੇ ਜਾਂਦੇ ਸਨ, ਜੋ ਅੱਧਵੱਟੇ ਹੀ ਰਹਿ ਜਾਂਦੇ ਸਨ, ਪਰ ਮੁੱਖ ਮੰਤਰੀ ਮਾਨ ਨੇ ਪਹਿਲੇ ਦਿਨ ਤੋਂ ਹੀ ਲੋਕ ਪੱਖੀ ਕੰਮਾਂ ਨੂੰ ਅਮਲ ’ਚ ਲਿਆਂਦਾ ਹੈ।’’