Canada News: ਖਾਲਿਸਤਾਨੀਆਂ ਦੀ ਧਮਕੀਆਂ ਮਗਰੋਂ ਕੈਨੇਡਾ ਦਾ ਦੋ-ਟੁੱਕ ਜਵਾਬ, ਦੇਸ਼ 'ਚ ਹਿੰਸਾ ਭੜਕਾਉਣ ਲਈ ਕੋਈ ਥਾਂ ਨਹੀਂ...
Canada News: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਅਧਿਕਾਰੀਆਂ ਨੂੰ ਧਮਕੀਆਂ ਦੇਣ ਮਗਰੋਂ ਕੈਨੇਡਾ ਸਰਕਾਰ ਸਰਕਾਰ ਦਾ ਸਖਤ ਬਿਆਨ ਆਇਆ ਹੈ।
Canada News: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਅਧਿਕਾਰੀਆਂ ਨੂੰ ਧਮਕੀਆਂ ਦੇਣ ਮਗਰੋਂ ਕੈਨੇਡਾ ਸਰਕਾਰ ਸਰਕਾਰ ਦਾ ਸਖਤ ਬਿਆਨ ਆਇਆ ਹੈ। ਕੈਨੇਡਾ ਨੇ ਕਿਹਾ ਹੈ ਕਿ ਦੇਸ਼ ਵਿੱਚ ਹਿੰਸਾ ਭੜਕਾਉਣ ਲਈ ਕੋਈ ਥਾਂ ਨਹੀਂ। ਪਬਲਿਕ ਸੇਫਟੀ ਕੈਨੇਡਾ ਦਾ ਇਹ ਬਿਆਨ ਖਾਲਿਸਤਾਨੀ ਪੋਸਟਰਾਂ ਦੇ ਆਨਲਾਈਨ ਨਸ਼ਰ ਹੋਣ ਤੋਂ ਲਗਪਗ ਇੱਕ ਮਹੀਨੇ ਬਾਅਦ ਆਇਆ ਹੈ।
ਦਰਅਸਲ ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਧਮਕੀਆਂ ਭਰੇ ਆਨਲਾਈਨ ਵੀਡੀਓ ਨਸ਼ਰ ਹੋਣ ਤੋਂ ਬਾਅਦ ਦੇਸ਼ ਵਿੱਚ ਸਾਰੇ ਕੂਟਨੀਤਕ ਪ੍ਰਤੀਨਿਧਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਹਿੰਸਾ ਲਈ ਕੋਈ ਥਾਂ ਨਹੀਂ।
ਦੱਸ ਦਈਏ ਕਿ ਇਨ੍ਹਾਂ ਖਾਲਿਸਤਾਨੀ ਪੋਸਟਰਾਂ ਵਿੱਚ ਭਾਰਤੀ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਨੇ ਆਪਣੇ ਭਾਈਵਾਲ ਦੇਸ਼ਾਂ ਕੈਨੇਡਾ, ਯੂਕੇ ਤੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ ਨੂੰ ਥਾਂ ਨਾ ਦੇਣ ਕਿਉਂਕਿ ਇਹ ਦੇਸ਼ਾਂ ਦੇ ਆਪਸੀ ਸਬੰਧਾਂ ਲਈ ਠੀਕ ਨਹੀਂ ਹੈ।
ਪਬਲਿਕ ਸੇਫਟੀ ਕੈਨੇਡਾ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਹਿੰਸਾ ਨੂੰ ਭੜਕਾਉਣ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਭਾਰਤੀ ਡਿਪਲੋਮੈਟਿਕ ਅਧਿਕਾਰੀਆਂ ਖਿਲਾਫ ਧਮਕੀਆਂ ਦੇ ਸਬੰਧ ਵਿੱਚ ਇੱਕ ਆਨਲਾਈਨ ਵੀਡੀਓ ਨਸ਼ਰ ਹੋਣ ਤੋਂ ਬਾਅਦ ਸਫਾਰਤਖਾਨੇ ਦੇ ਪ੍ਰਤੀਨਿਧਾਂ ਦੀ ਸੁਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ।’
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਪਿਛਲੇ ਮਹੀਨੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ ਅਤੇ ਖਾਲਿਸਤਾਨ ਰੈਲੀ ਤੋਂ ਪਹਿਲਾਂ ਕੱਟੜਪੱਥੀਆਂ ਦੀ ਪ੍ਰਚਾਰ ਸਮੱਗਰੀ ਨੂੰ ਅਸਵੀਕਾਰ ਕੀਤਾ ਸੀ। ਇਸ ਤੋਂ ਪਹਿਲਾਂ ਜੂਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਉਣ ਵਾਲੇ ਬਰੈਂਪਟਨ ਵਿੱਚ ਇੱਕ ਝਾਕੀ ਕੱਢੀ ਗਈ ਸੀ ਜਿਸ ਦੀ ਭਾਰਤ ਨੇ ਸਖਤ ਨਿੰਦਾ ਕੀਤੀ ਸੀ।
ਜੈਸ਼ੰਕਰ ਨੇ ਇਸ ਮੁੱਦੇ ’ਤੇ ਕਿਹਾ ਸੀ ਕਿ ਖਾਲਿਸਤਾਨੀ ਮੁੱਦੇ ’ਤੇ ਕੈਨੇਡਾ ਦਾ ਜਵਾਬ ਉਸ ਦੀਆਂ ਵੋਟ ਬੈਂਕ ਦੀਆਂ ਮਜਬੂਰੀਆਂ ਕਾਰਨ ਸੀਮਤ ਜਾਪਦਾ ਹੈ ਤੇ ਜੇਕਰ ਇਹ ਗਤੀਵਿਧੀਆਂ ਉਨ੍ਹਾਂ ਦੀ ਕੌਮੀ ਸੁਰੱਖਿਆ ਤੇ ਅਖੰਡਤਾ ’ਤੇ ਅਸਰ ਪਾਉਂਦੀਆਂ ਹਨ ਤਾਂ ਭਾਰਤ ਨੂੰ ਇਸ ਦਾ ਜਵਾਬ ਦੇਣਾ ਪਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।