ਪੜਚੋਲ ਕਰੋ
ਕੈਂਸਰ ਦੇ ਮਰੀਜ਼ਾਂ ਨੂੰ ਲੁੱਟਣ ਲੱਗੇ ਪ੍ਰਾਈਵੇਟ ਹਸਪਤਾਲ

ਬਠਿੰਡਾ: ਕੈਂਸਰ ਦੇ ਮਰੀਜ਼ ਡਾਕਟਰਾਂ ਲਈ ਮੋਟੀ ਆਮਦਨ ਦਾ ਸਾਧਨ ਬਣ ਗਏ ਹਨ। ਡਾਕਟਰਾਂ ਨੇ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਵੱਲ ਖਿੱਚਣ ਲਈ ਸਾਰੇ ਨਿਯਮ ਛਿੱਕੇ ਟੰਗ ਕੇ ਸ਼ਹਿਰ ਦੇ ਮੁੱਖ ਚੌਕਾਂ 'ਚ ਪੈਸੇ ਦੇ ਕੇ ਕੁਝ ਵਿਅਕਤੀਆਂ ਨੂੰ ਇਸ਼ਤਿਹਾਰੀ ਬੋਰਡ ਫੜਾ ਕੇ ਖੜਾ ਕਰ ਦਿੱਤਾ ਹੈ ਅਤੇ ਇਹ ਵਿਅਕਤੀ ਕੈਂਸਰਾਂ ਦੇ ਮਰੀਜ਼ਾਂ ਨੂੰ ਡਾਕਟਰਾਂ ਤੱਕ ਲਿਜਾਣ ਲਈ ਮੱਦਦਗਾਰ ਬਣੇ ਹੋਏ ਹਨ। ਫ਼ਰੀਦਕੋਟ, ਮੋਗਾ, ਮੁਕਤਸਰ, ਬਠਿੰਡਾ, ਮਾਨਸਾ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਅੰਦਾਜ਼ੇ ਤੋਂ ਕਈ ਗੁਣਾਂ ਵਧ ਗਈ ਹੈ। ਕੁਝ ਸਾਲ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਆਪਣੇ ਸਰਵੇਖਣ ਵਿੱਚ ਦਾਅਵਾ ਕੀਤਾ ਸੀ ਕਿ ਮਾਲਵੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ੧ ਫ਼ੀਸਦੀ ਦੇ ਬਰਾਬਰ ਹੈ ਪਰ ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਕੈਂਸਰ ਹਸਪਤਾਲ ਵਿੱਚ ਮਰੀਜ਼ਾਂ ਦੀ ਆਮਦ ਨੇ ਯੂਨੀਵਰਸਿਟੀ ਦੇ ਅੰਕੜਿਆਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ। 50 ਬਿਸਤਰਿਆਂ ਦੇ ਕੈਂਸਰ ਹਸਪਤਾਲ ਵਿੱਚ 600 ਤੋਂ ਵੱਧ ਮਰੀਜ਼ ਇਲਾਜ ਲਈ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਦਾ ਫਾਇਦਾ ਬਠਿੰਡਾ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਵੱਡੇ ਹਸਪਤਾਲ ਉਠਾ ਰਹੇ ਹਨ। ਨਾਮੁਰਾਦ ਬਿਮਾਰੀ ਤੋਂ ਪੀੜਤ ਸਾਧਾਰਨ ਪਰਿਵਾਰਾਂ ਦੇ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਨੇ ਆਪਣੇ ਵੱਲ ਖਿੱਚਣ ਲਈ ਸਾਰੇ ਹੀਲੇ ਵਰਤ ਰਹੇ ਹਨ। ਪੰਜਾਬ ਸਰਕਾਰ ਨੇ ਕੈਂਸਰ ਰਾਹਤ ਫੰਡ ਲਈ ਪੰਜਾਬ ਦੇ ਕੁਝ ਵੱਡੇ ਨਿੱਜੀ ਹਸਪਤਾਲਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ। ਇਸ ਕਰਕੇ ਡਾਕਟਰ ਆਸਾਨੀ ਨਾਲ ਸਾਧਾਰਨ ਮਰੀਜ਼ਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਪੰਜਾਬ ਸਰਕਾਰ ਨੇ 2012 ਤੋਂ ਲੈ ਕੇ ਸਤੰਬਰ 2017 ਤੱਕ 45000 ਕੈਂਸਰ ਪੀੜਤਾਂ ਨੂੰ 540 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਮਰੀਜ਼ਾਂ ਵਿੱਚੋਂ ੩੬ ਹਜ਼ਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ 540 ਕਰੋੜ ਰੁਪਏ ਮਰੀਜ਼ਾਂ ਦੀ ਥਾਂ ਇਲਾਜ ਕਰਨ ਵਾਲੇ ਹਸਪਤਾਲਾਂ ਨੂੰ ਹੀ ਭੇਜਿਆ ਗਿਆ ਹੈ। ਮਾਲਵੇ ਵਿੱਚ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਕਰਵਾਏ ਸਰਵੇ ਅਨੁਸਾਰ 2 ਲੱਖ 82 ਹਜ਼ਾਰ ਦੇ ਕਰੀਬ ਮਰੀਜ਼ ਕੈਂਸਰ ਤੋਂ ਪੀੜਤ ਹਨ। ਇਨ੍ਹਾਂ ਲਈ ਸਰਕਾਰ ਹਸਪਤਾਲਾਂ ਵਿੱਚ ਇਲਾਜ ਲਈ ਕੋਈ ਖਾਸ ਪ੍ਰਬੰਧ ਨਹੀਂ ਹਨ ਜਿਸ ਕਰਕੇ ਇਨ੍ਹਾਂ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦਾ ਆਸਰਾ ਲੈਣਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਕੈਂਸਰ ਰਾਹਤ ਫੰਡ ਲਈ ਕੇਸਾਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਸਮੇਂ ਸਿਰ ਸਾਰੇ ਮਰੀਜ਼ਾਂ ਨੂੰ ਕੈਂਸਰ ਰਾਹਤ ਫੰਡ ਦੀ ਰਾਸ਼ੀ ਜਾਰੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਡਾਕਟਰ ਕੋਲ ਮਰੀਜ਼ਾਂ ਨੂੰ ਭਰਮਾਉਣ ਦਾ ਕੋਈ ਅਧਿਕਾਰ ਨਹੀਂ ਅਤੇ ਡਾਕਟਰੀ ਪੇਸ਼ੇ ਨੂੰ ਨਿਯਮਾਂ ਅਨੁਸਾਰ ਹੀ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















