ਪੜਚੋਲ ਕਰੋ
ਸਿੱਖ ਕੈਦੀਆਂ ਦੀ ਰਿਹਾਈ ਲਈ ਕੈਪਟਨ ਨੇ ਵਿੱਢੀ ਮੁਹਿੰਮ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਥਕ ਪੈਂਤੜਾ ਮਾਰਦਿਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਚਾਰਾਜੋਈ ਕੀਤੀ ਹੈ। ਸਜ਼ਾ ਪੂਰੀ ਕਰ ਚੁੱਕੇ ਇਨ੍ਹਾਂ ਕੈਦੀਆਂ ਦੀ ਰਿਹਾਈ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਬਰਗਾੜੀ ਵਿੱਚ ਮੋਰਚਾ ਖੋਲ੍ਹਿਆ ਹੋਇਆ ਹੈ। ਕੈਪਟਨ ਅਮਰਿੰਦਰ ਨੇ ਧਰਨਾਕਾਰੀਆਂ ਨਾਲ ਵੀ ਗੱਲਬਾਤ ਚਲਾਈ ਹੋਈ ਹੈ। ਇਸੇ ਤਹਿਤ ਕੈਪਟਨ ਅਮਰਿੰਦਰ ਨੇ ਖਾਲਿਸਤਾਨੀ ਗੁਰਦੀਪ ਸਿੰਘ ਖੇੜਾ ਨੂੰ ਉਸ ਦੇ ਚੰਗੇ ਵਿਹਾਰ ਦੇ ਆਧਾਰ ’ਤੇ ਅਗਾਊਂ ਰਿਹਾਅ ਕਰਨ ਲਈ ਕਰਨਾਟਕ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੂੰ ਖੇੜਾ ਦਾ ਕੇਸ ਹਮਦਰਦੀ ਦੇ ਆਧਾਰ ’ਤੇ ਵਿਚਾਰਨ ਲਈ ਆਖਿਆ ਹੈ। ਖੇੜਾ ਨੂੰ ਸਾਲ 2015 ਵਿੱਚ ਕਰਨਾਟਕ ਦੀ ਗੁਲਬਰਗਾ ਜੇਲ੍ਹ ਤੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ ਜੋ ਇੱਥੇ ਦੂਹਰੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਨੇ ਗੁਰਦੀਪ ਸਿਘ ਉਰਫ ਦੀਪ ਪੁੱਤਰ ਬੰਤਾ ਸਿੰਘ ਦੇ ਮਾਮਲੇ ਨੂੰ ਵਿਚਾਰਨ ਲਈ ਕਰਨਾਟਕ ਦੇ ਜੇਲ੍ਹ ਵਿਭਾਗ ਨੂੰ ਸਲਾਹ ਦੇਣ ਵਾਸਤੇ ਕੁਮਾਰਾਸਵਾਮੀ ਦੇ ਸਹਿਯੋਗ ਦੀ ਮੰਗ ਕੀਤੀ ਹੈ। ਖੇੜਾ ਦਿੱਲੀ ਤੇ ਬਿਦਰ ਬੰਬ ਧਮਾਕਿਆਂ ਦੇ ਮਾਮਲਿਆਂ ਵਿੱਚ ਦੋਸ਼ੀ ਸਿੱਧ ਹੋਣ 'ਤੇ ਵੱਖ-ਵੱਖ ਧਾਰਾਵਾਂ ਅਧੀਨ ਪਿਛਲੇ 25 ਸਾਲਾਂ ਤੋਂ ਸਜ਼ਾ ਭੁਗਤ ਰਿਹਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਵੀ ਕਰਨਾਟਕ ਸਰਕਾਰ ਕੋਲ ਇਸ ਮਾਮਲੇ ਨੂੰ ਉਠਾਇਆ ਸੀ ਜਿਸ ਨੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਧੀਨ ਆਪਣੀ ਅਸਮਰੱਥਾ ਜ਼ਾਹਰ ਕੀਤੀ ਸੀ। ਇਸ ਦੌਰਾਨ ਕੈਪਟਨ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੱਪ ਪੁੱਤਰ ਤਾਰਾ ਸਿੰਘ ਨੂੰ ਕੇਂਦਰੀ ਜੇਲ੍ਹ ਜੈਪੁਰ ਤੋਂ ਪੰਜਾਬ ਦੀ ਕਿਸੇ ਢੁਕਵੀਂ ਜੇਲ੍ਹ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਵੀ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਰਾਜਸਥਾਨ ਦੇ ਪੁਲਿਸ ਮੁਖੀ ਨੇ ਇਸ ਸਾਲ ਜੂਨ ਮਹੀਨੇ ਵਿੱਚ ਗ੍ਰਹਿ ਵਿਭਾਗ ਨੂੰ ਆਪਣੀ ਸਿਫਾਰਸ਼ ਪਹਿਲਾਂ ਹੀ ਭੇਜੀ ਹੋਈ ਹੈ ਤੇ ਅੰਤਿਮ ਪ੍ਰਵਾਨਗੀ ਦੀ ਉਡੀਕ ਹੈ। ਦਰਅਸਲ ਬਰਗਾੜੀ ਵਿੱਚ ਸਾਬਕਾ ਲੋਕ ਸਭਾ ਮੈਂਬਰ ਧਿਆਨ ਸਿੰਘ ਮੰਡ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਧਰਨਾ ਦੇ ਰਹੇ ਸਿੱਖਾਂ ਨੇ ਇਸ ਸਬੰਧੀ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ ਸਨ ਤੇ ਕੁਝ ਮੰਗਾਂ ਬਾਰੇ ਸਹਿਮਤੀ ਹੋ ਗਈ ਸੀ। ਮੁੱਖ ਮੰਤਰੀ ਨੇ ਮਸਲੇ ਦੇ ਹੱਲ ਲਈ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਡਿਊਟੀ ਲਾਈ ਹੋਈ ਹੈ। ਉਹ ਤਿੰਨ ਚਾਰ ਵਾਰ ਗੱਲਬਾਤ ਕਰ ਚੁੱਕੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















