ਕੈਪਟਨ ਦਾ ਮੁੱਖ ਮੰਤਰੀ ਚੰਨੀ ਨੂੰ ਸਵਾਲ, ਪੁਲਿਸ ਦੀਆਂ ਨਿਯੁਕਤੀਆਂ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਿਉਂ ਨਹੀਂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਸਰਕਾਰ 'ਤੇ ਹਮਲਾ ਬੋਲਿਆ ਹੈ। ਕਾਂਗਰਸ ਸਰਕਾਰ ਉੱਪਰ ਵਰ੍ਹਦਿਆਂ ਹੋਇਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੱਡਾ ਸਵਾਲ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਸਰਕਾਰ 'ਤੇ ਹਮਲਾ ਬੋਲਿਆ ਹੈ। ਕਾਂਗਰਸ ਸਰਕਾਰ ਉੱਪਰ ਵਰ੍ਹਦਿਆਂ ਹੋਇਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੱਡਾ ਸਵਾਲ ਕੀਤਾ ਹੈ। ਕੈਪਟਨ ਨੇ ਪੁਛਿਆ ਕਿ ਆਖਰ ਕਿਉਂ ਇਕ ਪੁਲੀਸ ਅਫ਼ਸਰ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਦੇ ਵੇਰਵੇ ਲੀਕ ਹੋਣ ਦੇ ਮਾਮਲੇ ਵਿੱਚ ਦਿੱਤੇ ਜਾਂਚ ਦੇ ਆਦੇਸ਼ਾਂ ਦੀ ਤਰਜ਼ 'ਤੇ ਪੰਜਾਬ ਪੁਲੀਸ ਦੇ ਸੀਨੀਅਰ ਸੁਪਰਡੈਂਟਾਂ ਅਤੇ ਡਿਪਟੀ ਸੁਪਰਡੈਂਟਾਂ ਦੀਆਂ ਨਿਯੁਕਤੀਆਂ ਵਿੱਚ ਹੋਏ ਭ੍ਰਿਸ਼ਟਾਚਾਰ ਸਬੰਧੀ ਦੋਸ਼ਾਂ ਦੀ ਜਾਂਚ ਦੇ ਆਦੇਸ਼ ਨਹੀਂ ਦਿੱਤੇ ਹਨ?
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੀ ਚੌਕਸੀ ਅਤੇ ਤਤਕਾਲਤਾ ਉੱਪਰ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਇਕ ਸੀਨੀਅਰ ਪੁਲੀਸ ਅਫ਼ਸਰ ਵੱਲੋਂ ਡਾਇਰੈਕਟਰ ਜਨਰਲ ਆਫ ਪੁਲੀਸ ਨੂੰ ਲਿਖੀ ਚਿੱਠੀ ਦੇ ਕੁਝ ਪੰਨਿਆਂ ਦੇ ਲੀਕ ਹੋਣ ਦੇ ਮਾਮਲੇ ਵਿੱਚ ਤਾਂ ਜਾਂਚ ਦੇ ਆਦੇਸ਼ ਦੇ ਦਿੱਤੇ, ਪਰ ਕਿਉਂ ਤੁਸੀਂ ਉਹੀ ਤਤਕਾਲਤਾ ਉਦੋਂ ਨਹੀਂ ਦਿਖਾਈ ਜਦੋਂ ਤੁਹਾਡੇ ਮੰਤਰੀ ਮੰਡਲ ਦੇ ਇੱਕ ਸਾਥੀ ਨੇ ਹਾਲ ਹੀ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸ਼ਰ੍ਹੇਆਮ ਐਸ.ਐਸ.ਪੀ ਅਤੇ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਭ੍ਰਿਸ਼ਟਾਚਾਰ ਹੋਣ ਸਬੰਧੀ ਗੰਭੀਰ ਦੋਸ਼ ਲਗਾਏ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਝੂਠੇ ਵਾਅਦਿਆਂ ਅਤੇ ਐਲਾਨਾਂ ਕਾਰਨ ਤੁਹਾਡੀ ਸਰਕਾਰ ਦੇ ਆਏ ਦਿਨ ਖੁੱਲ੍ਹ ਰਹੇ ਭੇਦਾਂ ਕਾਰਨ ਤੁਹਾਡੀ ਪਰੇਸ਼ਾਨੀ ਨੂੰ ਸਮਝ ਸਕਦੇ ਹਨ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਕੈਪਟਨ ਅਮਰਿੰਦਰ ਨੇ ਯਾਦ ਕਰਵਾ ਕੇ ਕਿਹਾ ਤੁਸੀਂ ਹਮੇਸ਼ਾ ਹਰ ਕਿਸੇ ਨੂੰ ਸਲਾਖਾਂ ਪਿੱਛੇ ਭੇਜਣ ਲਈ ਦੋ ਦਿਨਾਂ ਲਈ ਅਧਿਕਾਰ ਮੰਗਦੇ ਸੀ। ਪਰ ਹੁਣ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਇਕ ਵੀ ਵਿਅਕਤੀ ਹਾਲੇ ਤਕ ਗ੍ਰਿਫ਼ਤਾਰ ਨਹੀਂ ਹੋਇਆ, ਹੁਣ ਕੀ ਹੋ ਗਿਆ ਹੈ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :