ਕੈਪਟਨ ਤੱਕ ਪਹੁੰਚੇ ਸਾਇਬਰ ਠੱਗ, ਫਰਜ਼ੀ ਖਾਤਾ ਬਣਾਉਣ ਵਾਲੇ ਪੁਲਿਸ ਨੇ ਦਬੋਚੇ
ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਫੇਸਬੁੱਕ ਤੇ ਫਰਜ਼ੀ ਅਕਾਊਂਟ ਬਣਾਇਆ ਸੀ। ਜਿਸ ਦਾ ਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਮੁੱਖ ਸਕੱਤਰ ਸੁਰੇਸ਼ ਦੇ ਨਾਂਅ 'ਤੇ ਰੱਖਿਆ ਗਿਆ ਸੀ।
ਚੰਡੀਗੜ੍ਹ: ਡਿਜ਼ੀਟਲ ਦੌਰ 'ਚ ਸਾਇਬਰ ਕ੍ਰਾਇਮ ਦਾ ਬੋਲਬਾਲਾ ਵੀ ਦਿਨ-ਬ-ਦਿਨ ਵਧ ਰਿਹਾ ਹੈ। ਸਾਇਬਰ ਠੱਗ ਆਮ ਲੋਕਾਂ ਦੇ ਨਾਲ-ਨਾਲ ਵੱਡੇ ਲੋਕਾਂ ਨੂੰ ਵੀ ਹੱਥ ਪਾਉਣ ਲੱਗੇ ਹਨ। ਹੁਣ ਪੰਜਾਬ ਪੁਲਿਸ ਦੇ ਸਾਇਬਰ ਕ੍ਰਾਇਮ ਸੈੱਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫਰਜ਼ੀ ਫੇਸਬੁੱਕ ਖਾਤਾ ਬਣਾਉਣ ਵਾਲੇ ਛੇ ਮੁਲਜ਼ਮਾਂ ਨੂੰ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਮੁਲਜ਼ਮ ਲੋਕਾਂ ਤੋਂ ਸੁਰੇਸ਼ ਕੁਮਾਰ ਦੇ ਨਾਂ ਤੇ ਪੈਸੇ ਮੰਗਾ ਕੇ ਧੋਖਾਧੜੀ ਕਰਦੇ ਸਨ।
ਗ੍ਰਿਫਤਾਰ ਕੀਤੇ ਸਾਇਬਰ ਠੱਗਾਂ 'ਚ ਰਾਜਸਥਾਨ ਦੇ ਨਰਿੰਦਰ ਸਿੰਘ, ਗੁਲਾਬ ਸਿੰਘ, ਭਾਗ ਸਿੰਘ ਤੇ ਰਮਨ ਤੇ ਮੱਧ ਪ੍ਰਦੇਸ਼ ਦੇ ਦਿਨੇਸ਼ ਤੇ ਰਾਹੁਲ ਸ਼ਾਮਲ ਹਨ। ਇੱਕ ਮੁਲਜ਼ਮ ਅਜੇ ਫਰਾਰ ਹੈ। ਮੁਲਜ਼ਮ ਪੰਜਾਬ, ਹਰਿਆਣਾ ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਪੰਜ ਸੂਬਿਆਂ 'ਚ ਗਰੋਹ ਚਲਾਉਂਦੇ ਸਨ। ਪੁਲਿਸ ਨੇ ਇਨ੍ਹਾਂ ਤੋਂ ਕਈ ਏਟੀਐਮ ਕਾਰਡ, ਨਕਦੀ, ਸਿਮ ਤੇ ਇੱਕ ਪੀਓਐਸ ਮਸ਼ੀਨ ਬਰਾਮਦ ਕੀਤੀ ਹੈ।
ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਫੇਸਬੁੱਕ ਤੇ ਫਰਜ਼ੀ ਅਕਾਊਂਟ ਬਣਾਇਆ ਸੀ। ਜਿਸ ਦਾ ਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਮੁੱਖ ਸਕੱਤਰ ਸੁਰੇਸ਼ ਦੇ ਨਾਂਅ 'ਤੇ ਰੱਖਿਆ ਗਿਆ ਸੀ। ਇਸ ਅਕਾਊਂਟ ਜ਼ਰੀਏ ਮੁਲਜ਼ਮ ਖੁਦ ਨੂੰ ਮੁੱਖ ਮੰਤਰੀ ਦਾ ਸਕੱਤਰ ਦੱਸ ਕੇ ਲੋਕਾਂ ਤੋਂ ਪੈਸੇ ਮੰਗਵਾ ਕੇ ਧੋਖਾਧੜੀ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫਰਜ਼ੀ ਫੇਸਬੁੱਕ ਅਕਾਊਂਟ ਬਣਾਉਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਤੁਰੰਤ ਤਿੰਨ ਟੀਮਾਂ ਦਾ ਗਠਨ ਕੀਤਾ ਸੀ। ਇਨ੍ਹਾਂ ਟੀਮਾਂ ਨੂੰ ਜਾਂਚ ਲਈ ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਭੇਜਿਆ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ