(Source: ECI/ABP News/ABP Majha)
ਕੇਜਰੀਵਾਲ ਦੇ ਹਮਲਿਆਂ ਦਾ ਜਵਾਬ ਦੇਣ ਲਈ ਕੈਪਟਨ ਚੁੱਕ ਲਿਆਏ ਵਹੀ-ਖਾਤਾ, ਇੱਕ-ਇੱਕ ਇਲਜ਼ਾਮ ਦਾ ਅੰਕੜਿਆਂ ਨਾਲ ਦਿੱਤਾ ਜਵਾਬ
ਕੈਪਟਨ ਨੇ ਕਿਹਾ 'ਜੇਕਰ ਇਹੀ ਦਿੱਲੀ ਮਾਡਲ ਹੈ ਤਾਂ ਜਿਸ ਦਾ ਵਾਅਦਾ ਕੇਜਰੀਵਾਲ ਪੰਜਾਬ ਦੇ ਨਾਲ ਕਰਦੇ ਹਨ ਤਾਂ ਪੰਜਾਬ ਦੇ ਲੋਕ ਇਸ ਤੋਂ ਬਿਨਾਂ ਹੀ ਚੰਗੇ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਸਰਕਾਰ 'ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਏ ਗਏ ਤਾਂ ਚੁੱਪ ਕੈਪਟਨ ਅਮਰਿੰਦਰ ਵੀ ਨਹੀਂ ਬੈਠੇ। ਕੈਪਟਨ ਨੇ ਕੇਜਰੀਵਾਲ ਦੇ ਇਲਜ਼ਾਮਾਂ ਦਾ ਅੰਕੜਿਆਂ ਸਮੇਤ ਜਵਾਬ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਦੇ ਇਲਜ਼ਾਮਾਂ ਦਾ ਪੰਜਾਬ ਨੇ ਲੋਕਾਂ ਨੇ ਵਿਧਾਨ ਸਭਾ ਚੋਣਾਂ 2017 'ਚ ਹੀ ਜਵਾਬ ਦੇ ਦਿੱਤਾ ਸੀ ਤੇ ਹਾਲ 2022 'ਚ ਵੀ ਉਸੇ ਤਰ੍ਹਾਂ ਦਾ ਹੋਵੇਗਾ।
ਕੈਪਟਨ ਨੇ ਕਿਹਾ 'ਕਾਂਗਰਸ ਸਰਕਾਰ ਦੇ 84 ਫੀਸਦ ਵਾਅਦੇ ਪੂਰੇ ਕਰਨ ਦੇ ਟ੍ਰੈਕ ਰਿਕਾਰਡ ਦੀ ਤੁਲਨਾ ਦਿੱਲੀ ਸਰਕਾਰ ਦੇ ਬੁਰੇ ਪ੍ਰਦਰਸ਼ਨ ਨਾਲ ਕੀਤੀ, ਜਿਸ ਨੇ 2020 'ਚ 2015 ਦੇ 'ਆਪ' ਮੈਨੀਫੈਸਟੋ ਦੇ ਸਿਰਫ 25 ਫੀਸਦ ਵਾਅਦੇ ਪੂਰੇ ਕੀਤੇ।'
ਕੈਪਟਨ ਨੇ ਕਿਹਾ 'ਜੇਕਰ ਇਹੀ ਦਿੱਲੀ ਮਾਡਲ ਹੈ ਤਾਂ ਜਿਸ ਦਾ ਵਾਅਦਾ ਕੇਜਰੀਵਾਲ ਪੰਜਾਬ ਦੇ ਨਾਲ ਕਰਦੇ ਹਨ ਤਾਂ ਪੰਜਾਬ ਦੇ ਲੋਕ ਇਸ ਤੋਂ ਬਿਨਾਂ ਹੀ ਚੰਗੇ ਹਨ। ਕੇਜਰੀਵਾਲ ਨੂੰ ਝੂਠੇ ਦਾਅਵਿਆਂ 'ਚ ਪੈਣ ਦੀ ਬਜਾਏ ਦਿੱਲੀ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਜਿੱਥੇ ਉਨ੍ਹਾਂ ਦੇ ਚੋਣਾਂਵੀ ਵਾਅਦਿਆਂ 'ਚੋਂ ਅਜੇ ਤਕ 50 ਫੀਸਦ ਹੀ ਪੂਰੇ ਕੀਤੇ ਜਾ ਰਹੇ ਹਨ।'
ਕੈਪਟਨ ਨੇ ਕਿਹਾ '2020 ਦੀਆਂ ਦਿੱਲੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇ ਪੰਜ ਸਾਲ ਪੂਰੇ ਹੋਣ 'ਤੇ ਕੀਤੇ ਸਰਵੇਖਣ ਤਹਿਤ 70 'ਚੋਂ ਸਿਰਫ 11 ਵਾਅਦੇ ਪੂਰੇ ਕੀਤੇ ਗਏ ਸਨ।' ਕੈਪਟਨ ਨੇ ਤਨਜ ਕੱਸਦਿਆਂ ਕਿਹਾ ਕਿ ਲੱਗਦਾ ਪੰਜਾਬ ਆਉਣ ਤੋਂ ਪਹਿਲਾਂ 'ਆਪ' ਦੇ ਪੰਜਾਬ ਨਾਲ ਸਬੰਧਤ ਲੀਡਰ ਕੇਜਰੀਵਾਲ ਨੂੰ ਸਹੀ ਤੱਥਾਂ ਦੀ ਜਾਣਕਾਰੀ ਨਹੀਂ ਦਿੰਦੇ।
ਕੇਜਰੀਵਾਲ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦੀ ਗੱਲ 'ਤੇ ਕੈਪਟਨ ਨੇ ਕਿਹਾ ਕਿ ਸਾਰੇ ਜਾਣਦੇ ਨੇ ਕਿ ਕੇਜਰੀਵਾਲ ਕਿੱਥੇ ਖੜ੍ਹੇ ਹਨ। ਕੇਜਰੀਵਾਲ ਸਰਕਾਰ ਨੇ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ 'ਚੋਂ ਇਕ ਕਾਨੂੰਨ ਲਾਗੂ ਵੀ ਕਰ ਦਿੱਤਾ ਹੈ। ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਪੰਜਾਬ 'ਚ ਵੀ ਯੂ-ਟਰਨ ਲੈ ਚੁੱਕੀ ਹੈ।
ਕੈਪਟਨ ਨੇ ਕੇਜਰੀਵਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ 2016 'ਚ 102, 2017 'ਚ 66 ਤੇ ਅਪ੍ਰੈਲ 2018 ਤਕ 46 ਨੌਕਰੀਆਂ ਦਿੱਤੀਆਂ ਸਨ ਜਦਕਿ ਪੰਜਾਬ ਸਰਕਾਰ ਨੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 16.29 ਲੱਖ ਨੌਕਰੀਆਂ ਤੇ ਸਵੈ-ਰੋਜ਼ਗਾਰ ਦੇ ਮੌਕੇ ਦਿੱਤੇ। ਇਕੱਲੇ ਸਰਕਾਰੀ ਸੈਕਟਰ 'ਚ ਹੀ 58,709 ਨੌਕਰੀਆਂ ਦਿੱਤੀਆਂ।
ਪੰਜਾਬ ਵਿਧਾਨਸਭਾ ਚੋਣਾਂ 2022 ਲਈ ਸਿਆਸੀ ਪਾਰਟੀਆਂ ਹੁਣੇ ਤੋਂ ਹੀ ਮੈਦਾਨ 'ਚ ਨਿੱਤਰ ਆਈਆਂ ਹਨ। ਇਸ ਤਹਿਤ ਹੀ ਇਕ ਦੂਜੇ 'ਤੇ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ।