ਕੈਪਟਨ ਤੇ ਸਿੱਧੂ ਦੇ ਕਲੇਸ਼ ਨੇ ਕਾਂਗਰਸ ਪਾਈ ਸੁੱਕਣੇ, 14 ਮਹੀਨਿਆਂ ਮਗਰੋਂ ਵੀ ਨਹੀਂ ਹੋਇਆ ਸੰਗਠਨ ਬਾਰੇ ਕੋਈ ਫੈਸਲਾ
ਸੱਤਾਧਾਰੀ ਕਾਂਗਰਸ ਪਾਰਟੀ ਦਾ ਪੁਨਰਗਠਨ 14 ਮਹੀਨਿਆਂ ਬਾਅਦ ਵੀ ਨਹੀਂ ਹੋ ਸਕਿਆ। ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਸੂਚੀ ਤਿਆਰ ਕਰਕੇ ਹਾਈਕਮਾਨ ਨੂੰ ਭੇਜੀ ਹੈ ਪਰ ਅਜੇ ਤੱਕ ਹਰੀ ਝੰਡੀ ਨਹੀਂ ਮਿਲੀ।
ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਵਿਧਾਨ ਸਭਾ ਚੋਣਾਂ ’ਚ ਹੁਣ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਪਰ ਕਾਂਗਰਸ ਆਪਣੇ ਸੰਗਠਨ ਦਾ ਐਲਾਨ ਵੀ ਨਹੀਂ ਕਰ ਸਕੀ। ਖਾਸ ਗੱਲ ਇਹ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ ਦਾ ਪੁਨਰਗਠਨ 14 ਮਹੀਨਿਆਂ ਬਾਅਦ ਵੀ ਨਹੀਂ ਹੋ ਸਕਿਆ। ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਸੂਚੀ ਤਿਆਰ ਕਰਕੇ ਹਾਈਕਮਾਨ ਨੂੰ ਭੇਜੀ ਹੈ ਪਰ ਅਜੇ ਤੱਕ ਹਰੀ ਝੰਡੀ ਨਹੀਂ ਮਿਲੀ।
ਉਂਝ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਪੱਧਰ ਉੱਤੇ ‘ਕੈਪਟਨ ਫ਼ਾਰ 2022’ ਨੂੰ ਲਾਂਚ ਕਰ ਦਿੱਤਾ ਹੈ ਤੇ ਸਰਕਾਰ ਵੀ ਹੌਲੀ-ਹੌਲੀ ਚੋਣ ਮੋਡ ਵਿੱਚ ਆਉਂਦੀ ਦਿਸ ਰਹੀ ਹੈ ਪਰ ਪਾਰਟੀ ਹਾਈਕਮਾਂਡ ਹਾਲੇ ਤੱਕ ਪੰਜਾਬ ਵਿੱਚ ਨਵੇਂ ਸੰਗਠਨ ਦਾ ਐਲਾਨ ਨਹੀਂ ਕਰ ਸਕੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸੰਗਠਨ ਦਾ ਪੁਨਰ ਗਠਨ ਕਰਦਿਆਂ ਲੀਡਰਾਂ ਨੂੰ ਜ਼ਿੰਮੇਵਰੀਆਂ ਸੌਂਪ ਦਿੱਤੀਆਂ ਹਨ।
ਚਰਚਾ ਹੈ ਕਿ ਇਹ ਸਭ ਕੁਝ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕਲੇਸ਼ ਕਰਕੇ ਹੋ ਰਿਹਾ ਹੈ। ਨਵਜੋਤ ਸਿੱਧੂ ਕਾਰਨ ਹੀ ‘ਬ੍ਰੇਕ’ ਲੱਗ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਪਾਰਟੀ ਇੰਚਾਰਜ ਹਰੀਸ਼ ਰਾਵਤ ਇਹ ਆਖ ਰਹੇ ਹਨ ਕਿ ਛੇਤੀ ਹੀ ਰਾਜ ਵਿੱਚ ਨਵੀਂ ਕਾਰਜਕਾਰਨੀ ਦਾ ਗਠਨ ਕਰ ਦਿੱਤਾ ਜਾਵੇਗਾ ਪਰ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਤੱਕ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ‘ਕਿਸਮਤ’ ਦਾ ਫ਼ੈਸਲਾ ਨਹੀਂ ਕਰਦੇ, ਤਦ ਤੱਕ ਇਹ ਮਾਮਲਾ ਇੰਝ ਹੀ ਫਸਿਆ ਰਹੇਗਾ।
ਨਵਜੋਤ ਸਿੱਧੂ ਬਾਰੇ ਕੋਈ ਅੰਤਿਮ ਫ਼ੈਸਲਾ ਹੋਣ ਤੱਕ ਪਾਰਟੀ ਹਾਈ ਕਮਾਂਡ ਨਵੀਂ ਕਾਰਜਕਾਰਨੀ ਦਾ ਗਠਨ ਕਰਨ ਦੇ ਹੱਕ ਵਿੱਚ ਨਹੀਂ ਹੈ। ਦਰਅਸਲ, ਪਾਰਟੀ ਹਾਈ ਕਮਾਂਡ ਸਿੱਧੂ ਨੂੰ ਜਾਂ ਤਾਂ ਪਾਰਟੀ ਵਿੱਚ ਤੇ ਜਾਂ ਫਿਰ ਸਰਕਾਰ ਵਿੱਚ ਐਡਜਸਟ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ‘ਲੰਚ’ ਤੇ ‘ਕੌਫ਼ੀ’ ਡਿਪਲੋਮੇਸੀ ਹੋਣ ਦੇ ਬਾਵਜੂਦ ਹਾਲੇ ਤੱਕ ਕੋਈ ਹਾਂ ਪੱਖੀ ਨਤੀਜੇ ਸਾਹਮਣੇ ਨਹੀਂ ਆਏ ਹਨ। ਪਾਰਟੀ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹ ਰਹੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਚਾਹੁੰਦੇ।