ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ
ਪੰਜਾਬ ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਤੇ ਚੁਫੇਰਿਓਂ ਘਿਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ ਵਧਾ ਦਿੱਤੀ ਤੇ ਸਰਕਾਰੀ ਨੌਕਰੀ ਵਿਸ਼ੇਸ਼ ਹਾਲਾਤ ਚ ਦੇਣ ਦਾ ਭਰੋਸਾ ਜਤਾਇਆ।
ਤਰਨ ਤਾਰਨ: ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਪੰਜਾਬ 'ਚ 121 ਮੌਤਾਂ ਹੋ ਚੁੱਕੀਆਂ ਹਨ। ਇਸ ਮਗਰੋਂ ਤਰਨ ਤਾਰਨ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ।
ਕੈਪਟਨ ਨੇ ਕਿਹਾ ਉਮਰ ਦੇ ਹਿਸਾਬ ਨਾਲ ਸਰਕਾਰੀ ਨੌਕਰੀਆਂ ਵੀ ਦੇਵਾਂਗੇ। ਡੀਸੀ ਸੂਚੀ ਬਣਾ ਕੇ ਭੇਜਣ ਤੇ ਇਸ ਤੋਂ ਬਾਅਦ ਸਿਹਤ ਬੀਮਾ ਹੋਵੇਗਾ, ਸਮਾਰਟ ਕਾਰਡ ਸਕੀਮ 'ਚ ਲਿਆ ਜਾਵੇਗਾ। ਸਾਰੇ ਪਰਿਵਾਰਾਂ ਨੂੰ ਸਰਕਾਰ ਪੱਕੇ ਮਕਾਨ ਬਣਾ ਕੇ ਦੇਵੇਗੀ। ਕੈਪਟਨ ਨੇ ਪੈਨਸ਼ਨ ਦਾ ਵੀ ਐਲਾਨ ਕੀਤਾ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮ੍ਰਿਤਕਾਂ ਤੋਂ ਇਲਾਵਾ ਕਈਆਂ ਦੀ ਨਿਗ੍ਹਾ ਚਲੇ ਗਈ ਹੈ। ਕੈਪਟਨ ਵੱਲੋਂ ਇਨ੍ਹਾਂ ਲੋਕਾਂ ਲਈ ਵੀ ਪੰਜ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਤਹਿ ਤਕ ਜਾਂਚ ਕੀਤੀ ਜਾਵੇਗੀ। ਕੈਪਟਨ ਨੇ ਮੁੜ ਦੁਹਰਾਇਆ ਕਿ ਇਹ ਕਤਲ ਹੋਏ ਹਨ ਤੇ ਦੋਸ਼ੀਆਂ ਤੇ 302 ਦਾ ਪਰਚਾ ਹੋਵੇਗਾ। ਕੈਪਟਨ ਨੇ ਕਿਹਾ ਮਾਮਲੇ ਦੀ ਕੋਰਟ 'ਚ ਵੀ ਪੂਰੀ ਪੈਰਵੀ ਹੋਵੇਗੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਾਂਚ ਹੋ ਰਹੀ ਹੈ ਤੇ ਅਸੀਂ ਆਖਰ ਤਕ ਜਾਵਾਂਗੇ।