ਮੋਦੀ ਸਰਕਾਰ ਦੇ ਐਲਾਨ ਤੋਂ ਕੈਪਟਨ ਨਿਰਾਸ਼, ਉਠਾਏ ਵੱਡੇ ਸਵਾਲ
ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਐਲਾਨ 'ਚ ਐਮਐਸਐਮਈ, ਐਨਬੀਐਫਸੀ ਤੇ ਹਾਊਸਿੰਗ ਸੈਕਟਰ ਲਈ ਐਲਾਨ ਕੀਤੇ ਪਰ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਲੱਖਾਂ ਮਜ਼ਦੂਰਾਂ ਲਈ ਵਿੱਤੀ ਸਹਾਇਤਾ ਦਾ ਜ਼ਿਕਰ ਤਕ ਨਹੀਂ ਕੀਤਾ।
ਚੰਡੀਗੜ੍ਹ: ਮੋਦੀ ਸਰਕਾਰ ਵੱਲੋਂ ਕੋਰੋਨਾ ਸੰਕਟ ਦੌਰਾਨ ਐਲਾਨੇ ਵਿੱਤੀ ਪੈਕੇਜ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਨਿਰਾਸ਼ਜਨਕ ਕਰਾਰ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨੇ ਗਏ ਪੈਕੇਜ 'ਚ ਕਰੋੜਾਂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਐਲਾਨ 'ਚ ਐਮਐਸਐਮਈ, ਐਨਬੀਐਫਸੀ ਤੇ ਹਾਊਸਿੰਗ ਸੈਕਟਰ ਲਈ ਐਲਾਨ ਕੀਤੇ ਪਰ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਲੱਖਾਂ ਮਜ਼ਦੂਰਾਂ ਲਈ ਵਿੱਤੀ ਸਹਾਇਤਾ ਦਾ ਜ਼ਿਕਰ ਤਕ ਨਹੀਂ ਕੀਤਾ। ਵਿੱਤੀ ਪੈਕੇਜ ਦੇ ਐਲਾਨ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ 'ਜਾਨ ਦੇ ਨਾਲ ਜਹਾਨ ਹੈ' ਦੇ ਸੰਦੇਸ਼ ਤੋਂ ਪਰ੍ਹਾਂ ਦੱਸਦਿਆਂ ਕਿਹਾ ਕਿ ਵਿੱਤ ਮੰਤਰੀ ਦੇ ਐਲਾਨਾਂ 'ਚ ਤਾਂ ਕੇਂਦਰ ਦਾ ਲੋਕਾਂ ਦੀ ਜਾਨ ਬਚਾਉਣ ਦਾ ਇਰਾਦਾ ਨਜ਼ਰ ਨਹੀਂ ਆਉਂਦਾ।
ਕੈਪਟਨ ਨੇ ਕਿਹਾ ਕਿ ਐਮਐਸਐਮਈ ਤੇ ਹਾਊਸਿੰਗ ਖੇਤਰ ਨੂੰ ਪਹਿਲਾਂ ਆਪਣੀ ਹੋਂਦ ਬਚਾਉਣੀ ਹੈ ਤਾਂ ਇਸ ਦੇ ਮੁੜ ਸੁਰਜੀਤ ਬਾਰੇ ਸੋਚਿਆ ਜਾ ਸਕਦਾ ਹੈ। ਦਰਅਸਲ ਵੱਡੀ ਗਿਣਤੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ ਜਿਸ ਦੇ ਚੱਲਦਿਆਂ ਐਮਐਸਐਮਈ ਖੇਤਰ ਸਾਹਮਣੇ ਵੱਡੀ ਚੁਣੌਤੀ ਹੈ।
ਇਹ ਵੀ ਪੜ੍ਹੋ: ਕੈਪਟਨ ਸਰਕਾਰ 'ਤੇ ਸੰਕਟ ਦੇ ਬੱਦਲ, ਆਪਣੇ ਹੀ ਵਿਧਾਇਕਾਂ ਤੇ ਵਜ਼ੀਰਾਂ ਨੇ ਖੋਲ਼੍ਹਿਆ ਮੋਰਚਾ
ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਤਾਂ ਐਮਐਸਐਮਈ ਨੂੰ ਦਿੱਤਾ ਵਿੱਤੀ ਪੈਕੇਜ ਵੀ ਨਾਕਾਫੀ ਲੱਗਦਾ ਹੈ। ਕੇਂਦਰ ਨੇ ਉਨ੍ਹਾਂ ਲਈ ਬੇਲ ਆਊਟ ਪੈਕੇਜ ਦੀ ਥਾਂ ਕਰਜ਼ ਦੀ ਵਿਵਸਥਾ ਕੀਤੀ ਹੈ ਜੋ ਉਨ੍ਹਾਂ ਤੇ ਬੋਝ ਵਧਾਏਗੀ। ਉਨ੍ਹਾਂ ਕਿਹਾ ਕਿ ਇਕੱਲੇ ਪੰਜਾਬ 'ਚ ਹੀ 2.52 ਲੱਖ ਉਦਯੋਗਿਕ ਇਕਾਈਆਂ ਹਨ ਜਿਨ੍ਹਾਂ 'ਚ ਸਿਰਫ਼ 1000 ਵੱਡੀਆਂ ਇਕਾਈਆਂ ਹਨ। ਅਜਿਹੇ 'ਚ ਐਮਐਸਐਮਈ ਲਈ ਕੇਂਦਰ ਨੂੰ ਕਾਫੀ ਵੱਡਾ ਪੈਕੇਜ ਦੇਣ ਦੀ ਲੋੜ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ