ਪਰਵਾਸੀ ਮਜ਼ਦੂਰਾਂ ਨੂੰ ਟੋਹਣ ਲੱਗੀ ਕੈਪਟਨ ਸਰਕਾਰ, ਇਕੱਲੇ-ਇਕੱਲੇ ਨੂੰ ਖੜਕਾ ਰਹੀ ਫੋਨ
ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਣਾਏ ਪੋਰਟਲ ਤੇ ਰਜਿਸਟਰ ਕਰ ਚੁੱਕੇ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਫੋਨ ਕਰਕੇ ਉਨ੍ਹਾਂ ਦੀ ਰਾਏ ਪੁੱਛੀ ਜਾ ਰਹੀ ਹੈ ਕਿ ਕੀ ਉਹ ਹੁਣ ਵੀ ਆਪਣੇ ਸੂਬੇ 'ਚ ਵਾਪਸ ਜਾਣਾ ਚਾਹੁੰਦੇ ਹਨ।
ਚੰਡੀਗੜ੍ਹ: ਆਪਣੇ ਗ੍ਰਹਿ ਰਾਜਾਂ ਨੂੰ ਪਰਤਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ 'ਚ ਹੀ ਰੋਕਣ ਦੀ ਇਛੁੱਕ ਹੈ ਕੈਪਟਨ ਸਰਕਾਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਦੋ ਤਿਹਾਈ ਉਦਯੋਗਕ ਇਕਾਈਆਂ ਨੇ ਬੰਦਸ਼ਾਂ 'ਚ ਢਿੱਲ ਦੇਣ ਮਗਰੋਂ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਤੋਂ ਬਾਹਰ ਜਾਣ ਦੇ ਇਛੁੱਕ ਵਿਅਕਤੀਆਂ ਦੀ ਗਿਣਤੀ 'ਚ ਕਮੀ ਆਈ ਹੈ।
ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਣਾਏ ਪੋਰਟਲ ਤੇ ਰਜਿਸਟਰ ਕਰ ਚੁੱਕੇ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਫੋਨ ਕਰਕੇ ਉਨ੍ਹਾਂ ਦੀ ਰਾਏ ਪੁੱਛੀ ਜਾ ਰਹੀ ਹੈ ਕਿ ਕੀ ਉਹ ਹੁਣ ਵੀ ਆਪਣੇ ਸੂਬੇ 'ਚ ਵਾਪਸ ਜਾਣਾ ਚਾਹੁੰਦੇ ਹਨ। ਪੰਜਾਬ ਸਰਕਾਰ ਦੇ ਪੋਰਟਲ 'ਤੇ ਹੁਣ ਤਕ 10 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਸੂਬਿਆਂ 'ਚ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਉਦੋਂ ਤਕ ਸਬੰਧਤ ਰਾਜਾਂ ਲਈ ਰੇਲ ਗੱਡੀਆਂ ਚਲਾਉਣੀਆਂ ਜਾਰੀ ਰੱਖੇਗੀ ਜਦੋਂ ਤਕ ਪਰਵਾਸੀ ਆਪਣੇ ਸੂਬਿਆਂ ਨੂੰ ਜਾਣਾ ਚਾਹੁਣਗੇ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਹੁਣ ਤਕ ਰੇਲਵੇ ਨੂੰ 20 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਤੇ 3.90 ਲੱਖ ਪਰਵਾਸੀ ਆਪਣੇ ਸੂਬਿਆਂ ਨੂੰ ਪਰਤ ਚੁੱਕੇ ਹਨ।