ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸਣੇ 5 ਹੋਰਾਂ ਖਿਲਾਫ਼ ਮਾਮਲਾ ਦਰਜ, ਪਲਾਟਾਂ ਦੀ ਗੈਰ-ਕਾਨੂੰਨੀ ਵਿੱਕਰੀ ਦਾ ਇਲਜ਼ਾਮ
ਬਿਊਰੋ ਨੇ ਐਲ.ਆਈ.ਟੀ. ਦੇ ਜੂਨੀਅਰ ਸਹਾਇਕ ਹਰਮੀਤ ਸਿੰਘ ਅਤੇ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ 14 ਜੁਲਾਈ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ।
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐੱਲ.ਆਈ.ਟੀ.) ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਸਮੇਤ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ, ਐਸ.ਡੀ.ਓ. ਅੰਕਿਤ ਨਾਰੰਗ, ਸੇਲਜ਼ ਕਲਰਕ ਪਰਵੀਨ ਕੁਮਾਰ, ਕਲਰਕ ਗਗਨਦੀਪ ਅਤੇ ਚੇਅਰਮੈਨ ਦੇ ਪੀ.ਏ. ਸੰਦੀਪ ਸਰਮਾ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਪੀਏ ਸੰਦੀਪ ਸਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਲ.ਆਈ.ਟੀ. ਦੇ ਜੂਨੀਅਰ ਸਹਾਇਕ ਹਰਮੀਤ ਸਿੰਘ ਅਤੇ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ 14 ਜੁਲਾਈ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7-ਏ ਅਤੇ 120-ਬੀ ਆਈਪੀਸੀ ਤਹਿਤ ਪਹਿਲਾਂ ਹੀ ਥਾਣਾ ਵਿਜੀਲੈਂਸ ਲੁਧਿਆਣਾ ਵਿੱਚ ਐਫਆਈਆਰ ਨੰਬਰ 8 ਮਿਤੀ 14.07.2022 ਨੂੰ ਦਰਜ ਕੀਤੀ ਹੋਈ ਹੈ।
ਤਾਜ਼ਾ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਉਕਤ ਕੇਸ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਲ.ਆਈ.ਟੀ ਦੇ ਅਧਿਕਾਰੀਆਂ ਨੇ ਭ੍ਰਿਸ਼ਟ ਰਵੱਈਏ ਅਪਣਾਉਂਦੇ ਹੋਏ ਐਸ.ਬੀ.ਐਸ. ਨਗਰ ਵਿਖੇ ਪਲਾਟ ਨੰਬਰ 9-ਬੀ, ਰਿਸ਼ੀ ਨਗਰ ਵਿੱਚ 102, 103, 104, 105, 106-ਡੀ ਅਤੇ ਸਰਾਭਾ ਨਗਰ ਵਿੱਚ 366-ਬੀ ਤੇ 140 ਨੰਬਰ ਪਲਾਟ ਗੈਰ ਕਾਨੂੰਨੀ ਤੇ ਭਿ੍ਰਸ਼ਟ ਤਰੀਕਿਆਂ ਰਾਹੀਂ ਅਲਾਟ ਕੀਤੇ ਜੋ ਕਿ ਲੋਕਲ ਡਿਸਪਲੇਸਡ ਪਰਸਨਜ (ਐਲ.ਡੀ.ਪੀ.) ਅਤੇ ਟਰੱਸਟ ਦੀਆਂ ਹੋਰ ਸਕੀਮਾਂ ਤਹਿਤ ਆਉਂਦੇ ਸਨ ਪਰ ਅਣ-ਅਧਿਕਾਰਤ ਵਿਅਕਤੀਆਂ ਨੂੰ ਵੱਡੀਆਂ ਰਿਸ਼ਵਤਾਂ ਲੈ ਕੇ ਵੇਚ ਦਿੱਤੇ ਗਏ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਕੁੱਝ ਅਲਾਟੀਆਂ ਦੀ ਮੌਤ ਹੋ ਗਈ ਸੀ ਅਤੇ ਉਨਾਂ ਦੇ ਪਲਾਟ ਵੀ ਕੁੱਝ ਅਣ-ਅਧਿਕਾਰਤ ਵਿਅਕਤੀਆਂ ਨੂੰ ਅਲਾਟ ਕੀਤੇ ਗਏ ਅਤੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਕੇ ਮੋਟੀਆਂ ਰਿਸ਼ਵਤਾਂ ਲੈਣ ਦੇ ਸਬੂਤ ਮਿਲੇ ਹਨ। ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7 ਏ, 8, 12, 13(2) ਅਤੇ ਆਈਪੀਸੀ ਦੀ ਧਾਰਾ 409, 420, 467, 471, 120-ਬੀ ਦੇ ਤਹਿਤ ਐਫਆਈਆਰ ਨੰਬਰ 09 ਤਹਿਤ ਵਿਜੀਲੈਂਸ ਬਿਓਰੋ ਦੇ ਆਰਥਿਕ ਅਪਰਾਧ ਵਿੰਗ ਦੇ ਪੁਲਿਸ ਥਾਣਾ ਲੁਧਿਆਣਾ ਵਿਖੇ ਕੇਸ ਦਰਜ ਕਰਕੇ ਐੱਲ.ਆਈ.ਟੀ. ਦੇ ਮੁਲਜਮਾਂ/ਅਧਿਕਾਰੀਆਂ ਵਿਰੁੱਧ ਅਗਲੇਰੀ ਕਾਰਵਾਈ ਜਾਰੀ ਹੈ।