Farmers Protest: ਦਿੱਲੀ ਕੂਚ ਦੇ ਫੈਸਲੇ ਤੋਂ ਬਾਅਦ ਕੇਂਦਰ ਨੇ ਮੁੜ ਮੀਟਿੰਗ ਦਾ ਭੇਜਿਆ ਸੱਦਾ, ਹੁਣ ਸਾਰੇ ਮੁੱਦਿਆਂ 'ਤੇ ਚਰਚਾ ਲਈ ਸਰਕਾਰ ਹੋਈ ਤਿਆਰ
Farmers Protest: ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਅੱਜ 9 ਦਿਨ ਹੋ ਗਏ ਹਨ। ਕੇਂਦਰ ਸਰਕਾਰ ਨਾਲ ਚਾਰ ਗੇੜ 'ਚ ਮੀਟਿੰਗ ਹੋਈ ਜੋ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਲਿਆ ਸੀ।
ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਅੱਜ 9 ਦਿਨ ਹੋ ਗਏ ਹਨ। ਕੇਂਦਰ ਸਰਕਾਰ ਨਾਲ ਚਾਰ ਗੇੜ 'ਚ ਮੀਟਿੰਗ ਹੋਈ ਜੋ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਲਿਆ ਸੀ। ਜਿਵੇਂ ਹੀ ਕਿਸਾਨਾਂ ਨੇ ਦਿੱਲੀ ਜਾਣ ਲਈ ਕੂਚ ਕੀਤਾ ਤਾਂ ਕੇਂਦਰ ਸਰਕਾਰ ਦਾ ਬੈਠਕ ਕਰਨ ਦੇ ਲਈ ਸੱਦਾ ਆ ਗਿਆ।
ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ - ਚੌਥੇ ਗੇੜ ਤੋਂ ਬਾਅਦ, ਸਰਕਾਰ ਪੰਜਵੇਂ ਗੇੜ ਵਿੱਚ ਐਮਐਸਪੀ ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, ਐਫਆਈਆਰ ਵਰਗੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ। ਮੈਂ ਫਿਰ ਕਿਸਾਨ ਆਗੂਆਂ ਨੂੰ ਚਰਚਾ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।
ਹਲਾਂਕਿ ਹਾਲੇ ਤੱਕ ਕਿਸਾਨਾਂ ਦਾ ਇਸ ਸਬੰਧੀ ਕੋਈ ਵੀ ਜਵਾਬ ਨਹੀਂ ਆਇਆ ਅਤੇ ਨਾ ਹੀ ਕੇਂਦਰ ਸਰਕਾਰ ਨੇ ਇਹ ਦੱਸਿਆ ਕਿ ਪੰਜਵੇਂ ਗੇੜ ਦੀ ਮੀਟਿੰਗ ਕਦੋਂ ਹੋਵੇਗੀ ਕਿੱਥੇ ਹੋਵੇਗੀ। ਫਿਲਹਾਲ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਸਾਫ਼ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਪੰਜਵੇਂ ਗੇੜ ਦੀ ਮੀਟਿੰਗ ਕਰਨ ਲਈ ਤਿਆਰ ਹੈ। ਇਸ ਵਿੱਚ ਅਸੀਂ ਸਾਰੇ ਉਹਨਾਂ ਮੁੱਦਿਆਂ 'ਤੇ ਚਰਚਾ ਕਰਾਂਗੇ ਜੋ ਕਿਸਾਨ ਮੰਗ ਰਹੇ ਹਨ।
ਇਸ ਤੋਂ ਪਹਿਲਾਂ ਚੌਥੇ ਗੇੜ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਅੱਗੇ ਪ੍ਰਸਤਾਵ ਰੱਖਿਆ ਸੀ ਕਿ 5 ਫਸਲਾਂ 'ਤੇ ਸਰਕਾਰ 5 ਸਾਲ ਲਈ MSP ਦੇਣ ਲਈ ਤਿਆਰ ਹੈ। ਪਰ ਕਿਸਾਨਾਂ ਨੇ ਕੇਂਦਰ ਦੀਆਂ ਇਹਨਾਂ ਮੰਗਾਂ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਸਵੇਰੇ 11 ਵਜੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।
ਜਿਵੇਂ ਹੀ ਸਵੇਰੇ ਦੇ 10:58 ਸਮਾਂ ਹੋਇਆ ਤਾਂ ਕਿਸਾਨਾ ਨੇ ਦਿੱਲੀ ਵੱਲ ਕੂਚ ਸ਼ੁਰੂ ਕਰ ਦਿੱਤਾ ਸੀ। ਕਿਸਾਨਾਂ ਨੂੰ ਰੋਕਣ ਲਈ ਸੁਰੱਖਿਆ ਬਲ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਕਿਸਾਨ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਡ੍ਰੋਨ ਦੇ ਰਾਹੀਂ ਵੀ ਗੋਲੇ ਸੁੱਟੇ ਗਏ। ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਕਿਸਾਨ ਵੀ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਨੌਜਵਾਨਾਂ ਨੂੰ ਅੱਗੇ ਨਾ ਵਧਣ ਦੀ ਅਪੀਲ ਕੀਤੀ ਹੈ। ਸ਼ੰਭੂ ਸਰਹੱਦ 'ਤੇ ਹੰਗਾਮੇ ਦੌਰਾਨ ਪੰਧੇਰ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇ ਦਿੰਦੀ ਹੈ ਤਾਂ ਪ੍ਰਦਰਸ਼ਨਕਾਰੀ ਅੱਗੇ ਨਹੀਂ ਵਧਣਗੇ। ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਆਏ ਹਨ ਤੇ ਉਨ੍ਹਾਂ ਨੇ ਮੁੜ ਗੱਲਬਾਤ ਲਈ ਕਿਹਾ ਹੈ।