Patiala Violence: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪਟਿਆਲਾ 'ਚ ਹੋਈ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ਿਆਦਾਤਰ ਸਮਾਂ ਬਾਹਰ ਹੀ ਬਿਤਾਉਂਦੇ ਹਨ, ਇਸ ਲਈ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਕੌਣ ਜ਼ਿੰਮੇਵਾਰ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ ਗਈ ਹੈ। ਮੁੱਖ ਮੰਤਰੀ ਜ਼ਿਆਦਾ ਸਮਾਂ ਸੂਬੇ ਤੋਂ ਬਾਹਰ ਗੁਜ਼ਾਰ ਰਹੇ ਹਨ। ਸਾਨੂੰ ਨਹੀਂ ਪਤਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਦੇਖਭਾਲ ਕੌਣ ਕਰ ਰਿਹਾ ਹੈ।
ਠਾਕੁਰ ਨੇ ਖਾਲਿਸਤਾਨ ਵਿਰੋਧੀ ਮਾਰਚ 'ਤੇ ਕਿਹਾ
ਉਹ ਪਟਿਆਲਾ ਵਿੱਚ ‘ਖਾਲਿਸਤਾਨ ਵਿਰੋਧੀ ਮਾਰਚ’ ਨੂੰ ਲੈ ਕੇ ਹੋਈਆਂ ਝੜਪਾਂ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸੀ, ਜਿਸ ਵਿੱਚ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋਏ। ਠਾਕੁਰ ਨੇ ਸਵਾਲ ਕੀਤਾ ਕਿ ਕੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸਥਿਤੀ 'ਤੇ ਕਾਬੂ ਪਾਉਣ ਦੇ ਯੋਗ ਹਨ? ਕੀ ਪੰਜਾਬ ਵਿੱਚ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ? ਭਾਜਪਾ ਆਗੂ ਨੇ ਸਵਾਲ ਕੀਤਾ ਕਿ 'ਆਪ' ਪੰਜਾਬ 'ਚ ਕਿਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੰਗਾਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ
ਅਨੁਰਾਗ ਠਾਕੁਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ 'ਆਪ' ਦੀ ਨੀਅਤ ਅਤੇ ਸਮਰੱਥਾ 'ਤੇ ਸਵਾਲ ਉਠਾਏ ਗਏ। ਕੁਝ ਲੋਕਾਂ ਨਾਲ ਉਸ ਦੇ ਸਬੰਧਾਂ 'ਤੇ ਵੀ ਸਵਾਲ ਉਠਾਏ। ਠਾਕੁਰ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਵਿਕਾਸ, ਸ਼ਾਂਤੀ ਅਤੇ ਭਾਈਚਾਰਾ ਚਾਹੁੰਦੀ ਹੈ ਅਤੇ ਦੰਗਾਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਪਟਿਆਲਾ 'ਚ ਖਾਲਿਸਤਾਨ ਵਿਰੋਧੀ ਮਾਰਚ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਦੋਹਾਂ ਧੜਿਆਂ 'ਚ ਹਿੰਸਕ ਝੜਪ ਹੋਈ ਸੀ। ਇਸ ਤੋਂ ਬਾਅਦ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਅਤੇ ਇੰਟਰਨੈੱਟ ਸੇਵਾਵਾਂ ਵੀ ਅੱਜ ਸ਼ਾਮ 6 ਵਜੇ ਤੱਕ ਬੰਦ ਕੀਤੀ ਗਈ। ਇਸ ਦੇ ਨਾਲ ਹੀ ਤਿੰਨ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਹਾਲਾਂਕਿ ਇੰਟਰਨੈੱਟ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: RR vs MI: ਰੋਹਿਤ ਨੂੰ ਸੀਜ਼ਨ ਦੀ ਪਹਿਲੀ ਜਿੱਤ ਨਾਲ ਮਿਲਿਆ ਜਨਮਦਿਨ ਦਾ ਤੋਹਫ਼ਾ! ਮੁੰਬਈ ਨੇ ਦਰਜ ਕੀਤੀ ਪਹਿਲੀ ਜਿੱਤ ਦਰਜ