ਪੰਜਾਬ ਪੁਲਿਸ ਦੇ ਗੈਂਗਸਟਰਾਂ ਨਾਲ ਐਨਕਾਉਂਟਰ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਦੋ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ ਮਾਰ ਦਿੱਤੀ। ਇਹ ਮੁਕਾਬਲਾ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ਵਿੱਚ ਕਰੀਬ 5 ਘੰਟੇ ਚੱਲਿਆ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਦੋ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ ਮਾਰ ਦਿੱਤੀ। ਇਹ ਮੁਕਾਬਲਾ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ਵਿੱਚ ਕਰੀਬ 5 ਘੰਟੇ ਚੱਲਿਆ। ਮਰਨ ਵਾਲੇ ਗੈਂਗਸਟਰਾਂ ਦੇ ਨਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂੰ (ਮਨੂੰ ਕੁੱਸਾ) ਹਨ। ਇਸ ਆਪਰੇਸ਼ਨ 'ਚ 3 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ।
ਇਸ ਪੁਲਿਸ ਮੁਕਾਬਲੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ, "ਮੇਰੀ ਸਰਕਾਰ ਵੱਲੋਂ ਗੈਂਗਸਟਰ ਕਲਚਰ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫ਼ਲਤਾ ਲਈ ਵਧਾਈ।ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ…"
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ "ਅਸੀਂ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀਆਂ ਦਾ ਪਿੱਛਾ ਕਰ ਰਹੇ ਸੀ। ਸਾਡੀ ਟਾਸਕ ਫੋਰਸ ਨੇ ਇਸ ਖੇਤਰ ਵਿੱਚ ਕੁਝ ਹਿਲਜੁਲ ਦੇਖੀ। ਗੁਪਤ ਸੂਚਨਾ ਮਿਲਣ ਤੋਂ ਬਾਅਦ ਇਸ ਕਤਲ ਵਿੱਚ ਸ਼ਾਮਲ 2 ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂੰ ਮੁਕਾਬਲੇ ਵਿੱਚ ਮਾਰੇ ਗਏ। ਟੀਮ ਨੇ ਗੈਂਗਸਟਰਾਂ ਕੋਲੋਂ ਇੱਕ ਏਕੇ-47 ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।"
ਗੈਂਗਸਟਰਾਂ ਨੇ ਏਕੇ-47 ਨਾਲ ਪੁਲਿਸ 'ਤੇ ਫਾਇਰਿੰਗ ਕੀਤੀ
ਪੁਲਿਸ ਨੇ 11 ਵਜੇ ਦੇ ਕਰੀਬ ਗੈਂਗਸਟਰਾਂ ਨੂੰ ਘੇਰ ਲਿਆ। ਪਹਿਲੇ ਦੋ ਘੰਟਿਆਂ ਵਿੱਚ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਗੈਂਗਸਟਰਾਂ ਨੇ ਏਕੇ-47 ਅਤੇ ਹੋਰ ਹਥਿਆਰਾਂ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਨੁਸਾਰ ਮੂਸੇਵਾਲਾ ਦੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਇਨ੍ਹਾਂ ਗੈਂਗਸਟਰਾਂ ਕੋਲ ਸੀ। ਉਹ ਇਨ੍ਹਾਂ ਹੀ ਹਥਿਆਰਾਂ ਨਾਲ ਪੁਲਿਸ 'ਤੇ ਹਮਲੇ ਕਰਦੇ ਰਹੇ।