ਮੁੱਖ ਮੰਤਰੀ ਚੰਨੀ ਨੇ ਕੇਜਰੀਵਾਲ ਦੀ ਕੀਤੀ ਨਿੰਦਾ, ਪੰਜਾਬੀਆਂ ਨੂੰ ਸੁਚੇਤ ਰਹਿਣ ਲਈ ਕਿਹਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਅਤੇ ਸੂਬੇ ਦੇ ਲੋਕਾਂ ਵਿਰੁੱਧ ਸਾਜਿਸ਼ ਕਰਨ ਵਾਲੇ ਹਰੇਕ ਵਿਅਕਤੀ ਨੂੰ ਸਜ਼ਾ ਦਿਵਾਉਣਾ ਸਾਡੀ ਸਰਕਾਰ ਦਾ ਇਖਲਾਕੀ ਫਰਜ਼ ਹੈ।
ਲੁਧਿਆਣਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਅਤੇ ਸੂਬੇ ਦੇ ਲੋਕਾਂ ਵਿਰੁੱਧ ਸਾਜਿਸ਼ ਕਰਨ ਵਾਲੇ ਹਰੇਕ ਵਿਅਕਤੀ ਨੂੰ ਸਜ਼ਾ ਦਿਵਾਉਣਾ ਸਾਡੀ ਸਰਕਾਰ ਦਾ ਇਖਲਾਕੀ ਫਰਜ਼ ਹੈ।
ਚੰਡੀਗੜ੍ਹ ਰੋਡ 'ਤੇ ਰਵਿਦਾਸ ਆਡੀਟੋਰੀਅਮ, ਈਸਟ ਐਂਡ ਕਲੱਬ, ਸਪੈਸ਼ਲ ਪਾਰਕ ਸਟੈਟਿਕ ਕੰਪੈਕਟਰ, ਵਪਾਰਕ ਅਤੇ ਪ੍ਰਦਰਸ਼ਨੀ ਕੇਂਦਰ ਅਤੇ ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਪਿੱਛੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰੇਤ ਮਾਫੀਆ, ਬੇਅਦਬੀ, ਸਿੰਚਾਈ ਘੁਟਾਲੇ ਜਾਂ ਪੋਸਟ ਮੈਟ੍ਰਿਕ ਸਕਾਲਰਸਿ਼ਪ ਸਕੀਮ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਬਣਦੀ ਸਜ਼ਾ ਦਿੱਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਗੁਨਾਹਗਾਰਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਸੂਬਾ ਸਰਕਾਰ ਪੂਰੀ ਸੁਹਿਰਦਤਾ ਨਾਲ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਰਸੂਖ਼ਦਾਰ ਕਿਉਂ ਨਾ ਹੋਵੇ, ਅਜਿਹੇ ਅਪਰਾਧਾਂ ਲਈ ਜਵਾਬਦੇਹ ਹੋਵੇਗਾ।ਉਨ੍ਹਾਂ ਕਿਹਾ ਕਿ ਮਨੁੱਖਤਾ ਵਿਰੁੱਧ ਇਨ੍ਹਾਂ ਅਪਰਾਧਾਂ ਵਿੱਚ ਸ਼ਾਮਲ ਸਿਆਸੀ ਵਿਅਕਤੀਆਂ ਨੂੰ ਵੀ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਦੇ ਇਨ੍ਹਾਂ ਦੋਸ਼ੀਆਂ ਨੂੰ ਸੀਖਾਂ ਪਿੱਛੇ ਡੱਕਣਾ ਪੰਜਾਬ ਸਰਕਾਰ ਦਾ ਤਰਜੀਹੀ ਫਰਜ਼ ਹੈ।
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਸੱਤਾ ਹਥਿਆਉਣ ਲਈ ਉਨ੍ਹਾਂ (ਕੇਜਰੀਵਾਲ) ਵੱਲੋਂ ਵਰਤੇ ਜਾ ਰਹੇ ਹਥਕੰਡਿਆਂ ਤੋਂ ਸੁਚੇਤ ਰਹਿਣ ਲਈ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਵਾਅਦੇ ਝੂਠ ਦਾ ਪੁਲੰਦਾ ਹਨ, ਜੋ ਸੂਬਾ-ਦਰ-ਸੂਬਾ ਬਦਲਦੇ ਰਹਿੰਦੇ ਹਨ।
ਮੁੱਖ ਮੰਤਰੀ ਚੰਨੀ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਕੇਜਰੀਵਾਲ , ਪੰਜਾਬ ਵਿੱਚ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਭੱਤਾ ਦੇਣ ਦਾ ਵਾਅਦਾ ਕਰ ਰਹੇ ਹਨ ਪਰ ਗੋਆ ਵਿੱਚ ਉਨ੍ਹਾਂ ਵੱਲੋਂ ਇਹੀ ਭੱਤਾ 5000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਕੇਜਰੀਵਾਲ ਐਂਡ ਕੰਪਨੀ ਦਾ ਕਿਰਦਾਰ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :