ਪੜਚੋਲ ਕਰੋ
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ 'ਤੇ ਮੁੜ ਸੰਕਟ

ਅੰਮ੍ਰਿਤਸਰ: ਸਦੀ ਪੁਰਾਣੀ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪਿਛਲੇ ਪ੍ਰਧਾਨ ਦੀ ਕੁਰਸੀ ਨੂੰ ਅਸ਼ਲੀਲ ਵੀਡੀਓ ਕਾਂਡ ਵਿੱਚ ਖੁੱਸ ਗਈ ਅਤੇ ਨਵੇਂ ਬਣੇ ਪ੍ਰਧਾਨ ਦੀ ਕੁਰਸੀ ਨੂੰ ਜ਼ਮੀਨੀ ਵਿਵਾਦ ਖਾ ਗਿਆ ਹੈ। ਡਾ. ਸੰਤੋਖ ਸਿੰਘ ਨੂੰ ਜ਼ਮੀਨ ’ਤੇ ਕਬਜ਼ੇ ਦੇ ਮਾਮਲੇ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਧੋਖਾਧੜੀ ਦੇ ਦੋਸ਼ ਹੇਠ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਏ ਜਾਣ ਮਗਰੋਂ ਉਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਅਦਾਲਤ ਨੇ ਡਾ. ਸੰਤੋਖ ਸਿੰਘ ਨੂੰ ਆਈਪੀਸੀ ਦੀ ਧਾਰਾ 465, 467, 468, 471 ਅਤੇ 120ਬੀ ਹੇਠ ਦੋਸ਼ੀ ਕਰਾਰ ਦਿੱਤਾ ਹੈ। ਜਦੋਂਕਿ ਉਨ੍ਹਾਂ ਦੇ ਭਰਾ ਇੰਦਰਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਸੰਤੋਖ ਸਿੰਘ ਤੇ ਉਨ੍ਹਾਂ ਦੇ ਭਰਾ ਇੰਦਰਪਾਲ ਸਿੰਘ ਅਤੇ ਦੋ ਹੋਰਾਂ ਵਿਰੁੱਧ ਇਹ ਮਾਮਲਾ ਰਾਜਾਸਾਂਸੀ ਵਾਸੀ ਮਨਜੀਤ ਸਿੰਘ ਅਤੇ ਮਹਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਸੀ ਤੇ ਬੀਤੇ ਕੱਲ੍ਹ ਅਦਾਲਤ ਨੇ ਇਹ ਫੈਸਲਾ ਸੁਣਾ ਦਿੱਤਾ ਹੈ। ਡਾ. ਸੰਤੋਖ ਸਿੰਘ ਸਮੇਤ ਚਾਰਾਂ ਉੱਪਰ 12 ਕਨਾਲ 11 ਮਰਲੇ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਪਾਏ ਗਏ ਹਨ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਭਾਈ ਬਿਸ਼ਨ ਸਿੰਘ ਅਤੇ ਭਾਈ ਗੋਪਾਲ ਦਾਸ ਦੀ ਹੈ। ਇਸ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਡਾ. ਸੰਤੋਖ ਸਿੰਘ ਅਤੇ ਉਸ ਦੇ ਭਰਾ ਵੱਲੋਂ ਸਬੰਧਤ ਜ਼ਮੀਨ ਦੀ ਰਜਿਸਟਰੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਆਪਣੇ ਦਾਅਵੇ ਵਿਚ ਡਾ. ਸੰਤੋਖ ਸਿੰਘ ਆਦਿ ਨੇ ਆਖਿਆ ਸੀ ਕਿ ਇਹ ਜ਼ਮੀਨ ਉਨ੍ਹਾਂ ਨੂੰ ਭਾਈ ਬਿਸ਼ਨ ਸਿੰਘ ਅਤੇ ਭਾਈ ਗੋਪਾਲ ਦਾਸ ਨੇ 1967 ਵਿੱਚ ਵੇਚੀ ਸੀ। ਜਦੋਂਕਿ ਦੂਜੀ ਧਿਰ ਵੱਲੋਂ ਇਸ ਦਾਅਵੇ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਕਿ ਭਾਈ ਬਿਸ਼ਨ ਸਿੰਘ 1950 ਵਿੱਚ ਅਤੇ ਭਾਈ ਗੋਪਾਲ ਦਾਸ 1940 ਵਿਚ ਅਕਾਲ ਚਲਾਣਾ ਕਰ ਗਏ ਸਨ। ਅਜਿਹੀ ਸਥਿਤੀ ਵਿਚ 1967 ਵਿਚ ਇਸ ਜ਼ਮੀਨ ਦੀ ਰਜਿਸਟਰੀ ਡਾ. ਸੰਤੋਖ ਸਿੰਘ ਤੇ ਹੋਰਨਾਂ ਦੇ ਨਾਂ ਤੇ ਕਿਵੇਂ ਹੋ ਸਕਦੀ ਹੈ। ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਦਾ ਅਹੁਦਾ ਮੁੜ ਸੰਕਟ ਵਿੱਚ ਆਉਣ ਤੋਂ ਬਾਅਦ ਸੰਸਥਾ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਦੀ ਗ਼ੈਰ ਹਾਜ਼ਰੀ ਵਿੱਚ ਅਹੁਦੇ ਦੀ ਜ਼ਿੰਮੇਵਾਰੀ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਨਿਭਾਈ ਜਾਂਦੀ ਹੈ ਜਿਸ ਤਹਿਤ ਹੁਣ ਸੀਨੀਅਰ ਮੀਤ ਪ੍ਰਧਾਨ ਧਨਰਾਜ ਸਿੰਘ ਸਿੱਖ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















