CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਅਜਨਾਲਾ ਦੇ ਪਿੰਡ ਬਿਕਰੌਰ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦੀ ਨੀਂਹ ਰੱਖੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੇ ਮਿਲ ਕੇ ਸਾਲਾਂ ਤੱਕ ਪੰਜਾਬ ਨੂੰ ਲੁੱਟਿਆ, ਜਿਸ ਕਾਰਨ ਸੂਬੇ ਦੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਵਿਦੇਸ਼ ਜਾਣਾ ਪਿਆ।
ਉਨ੍ਹਾਂ ਕਿਹਾ ਕਿ ਇਹ ਨਵਾਂ ਕਾਲਜ, ਜਿਸਦਾ ਨਾਮ ਮਹਾਨ ਵਿਦਵਾਨ ਬਾਬਾ ਘਮਚੁੱਕ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ, ਆਮ ਆਦਮੀ ਪਾਰਟੀ ਸਰਕਾਰ ਦੀ “ਰੰਗਲਾ ਪੰਜਾਬ” ਦੁਬਾਰਾ ਬਣਾਉਣ ਦੀ ਸੋਚ ਦਾ ਪ੍ਰਤੀਕ ਹੈ। ਇਸ ਕਾਲਜ ਨਾਲ ਸਰਹੱਦੀ ਇਲਾਕੇ ਦੇ ਨੌਜਵਾਨਾਂ ਨੂੰ ਘਰ ਦੇ ਨੇੜੇ ਹੀ ਉੱਚ ਸਿੱਖਿਆ ਮਿਲੇਗੀ। ਉਨ੍ਹਾਂ ਦੱਸਿਆ ਕਿ ਲਗਭਗ 15 ਏਕੜ ਜ਼ਮੀਨ ‘ਤੇ ਇਹ ਕਾਲਜ ਬਣੇਗਾ ਅਤੇ ਇਸ ‘ਤੇ ਕਰੀਬ 15 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸੀਐੱਮ ਨੇ ਬਿਕਰੌਰ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਾਲਜ ਲਈ ਜ਼ਮੀਨ ਦਾਨ ਕੀਤੀ।
ਭਗਵੰਤ ਮਾਨ ਨੇ ਦੱਸਿਆ ਕਿ ਇਸ ਕਾਲਜ ਨਾਲ ਨੇੜਲੇ ਕਰੀਬ 50 ਪਿੰਡਾਂ ਦੇ ਨੌਜਵਾਨਾਂ ਨੂੰ ਫ਼ਾਇਦਾ ਹੋਵੇਗਾ ਅਤੇ ਆਉਣ ਵਾਲੇ ਸਮੇਂ ‘ਚ 2000 ਤੋਂ ਵੱਧ ਵਿਦਿਆਰਥੀ ਦਾਖ਼ਲਾ ਲੈ ਸਕਣਗੇ। ਕਾਲਜ ਵਿੱਚ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਸਾਇੰਸ, ਆਰਟੀਫ਼ੀਸ਼ਲ ਇੰਟੈਲੀਜੈਂਸ ਅਤੇ ਡਿਜ਼ਿਟਲ ਸਕਿਲਜ਼ ਵਰਗੇ ਕੋਰਸ ਕਰਵਾਏ ਜਾਣਗੇ, ਤਾਂ ਜੋ ਸਰਹੱਦੀ ਖੇਤਰ ਦੇ ਬੱਚਿਆਂ ਨੂੰ ਆਧੁਨਿਕ ਅਤੇ ਗੁਣਵੱਤਾ ਭਰੀ ਸਿੱਖਿਆ ਮਿਲ ਸਕੇ।

















