ਪੰਜਾਬ 'ਚ ਵੀ ਪਹੁੰਚੀ ਨਫ਼ਰਤ ਦੀ ਅੱਗ ! ਲੁਧਿਆਣਾ 'ਚ ਹੋਲੀ-ਜੁੰਮੇ ਮੌਕੇ ਝੜਪ, ਦੋਵਾਂ ਪਾਸਿਓਂ ਹੋਈ ਪੱਥਰਬਾਜ਼ੀ, ਮਸਜਿਦ ਦੇ ਤੋੜੇ ਸ਼ੀਸ਼ੇ, ਕਈ ਜ਼ਖ਼ਮੀ
ਮੁਸਲਿਮ ਪੱਖ ਦਾ ਕਹਿਣਾ ਹੈ ਕਿ ਮਸਜਿਦ 'ਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਾਏ ਗਏ। ਜਦੋਂ ਕਿ ਹੋਲੀ ਖੇਡਣ ਵਾਲੇ ਦੂਜੇ ਸਮੂਹ ਦਾ ਕਹਿਣਾ ਹੈ ਕਿ ਹੋਲੀ ਡੀਜੇ ਵਜਾਉਣ ਕਾਰਨ ਮਸਜਿਦ ਤੋਂ ਪੱਥਰ ਸੁੱਟੇ ਗਏ ਸਨ।

Punjab News: ਲੁਧਿਆਣਾ ਦੀ ਮੀਆਂ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਹੋਲੀ-ਜੁੰਮੇ ਦੇ ਮੌਕੇ 'ਤੇ ਦੋ ਸਮੂਹਾਂ ਵਿਚਕਾਰ ਹਿੰਸਕ ਝੜਪ ਹੋ ਗਈ। ਦੋਵਾਂ ਪਾਸਿਆਂ ਤੋਂ ਇੱਟਾਂ, ਪੱਥਰ ਤੇ ਬੋਤਲਾਂ ਸੁੱਟੀਆਂ ਗਈਆਂ। ਇਸ ਝੜਪ ਵਿੱਚ ਦੋਵਾਂ ਧਿਰਾਂ ਦੇ 11 ਲੋਕ ਜ਼ਖਮੀ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਇਸ ਤੋਂ ਬਾਅਦ ਪੁਲਿਸ ਨੇ ਮਸਜਿਦ 'ਤੇ ਹਮਲਾ ਕਰਨ ਵਾਲੇ 35 ਲੋਕਾਂ ਵਿਰੁੱਧ FIR ਦਰਜ ਕੀਤੀ ਹੈ।
ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਮਾਜ਼ ਪੜ੍ਹਦੇ ਸਮੇਂ ਕੁਝ ਸ਼ਰਾਰਤੀ ਅਨਸਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ। ਜਦੋਂ ਕਿ ਦੂਜਾ ਪੱਖ ਕਹਿੰਦਾ ਹੈ ਕਿ ਇੱਟ ਪਹਿਲਾਂ ਮਸਜਿਦ ਵਾਲੇ ਪਾਸੇ ਤੋਂ ਸੁੱਟੀ ਗਈ ਸੀ। ਮਸਜਿਦ 'ਤੇ ਪੱਥਰਬਾਜ਼ੀ ਤੇ ਖਿੜਕੀਆਂ ਦੇ ਸ਼ੀਸ਼ੇ ਤੋੜਨ ਦੇ ਵੀਡੀਓ ਵੀ ਸਾਹਮਣੇ ਆਏ ਹਨ।
ਮੁਸਲਿਮ ਪੱਖ ਦਾ ਕਹਿਣਾ ਹੈ ਕਿ ਮਸਜਿਦ 'ਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਾਏ ਗਏ। ਜਦੋਂ ਕਿ ਹੋਲੀ ਖੇਡਣ ਵਾਲੇ ਦੂਜੇ ਸਮੂਹ ਦਾ ਕਹਿਣਾ ਹੈ ਕਿ ਹੋਲੀ 'ਤੇ ਡੀਜੇ ਵਜਾਉਣ ਕਾਰਨ ਮਸਜਿਦ ਤੋਂ ਪੱਥਰ ਸੁੱਟੇ ਗਏ ਸਨ।
ਮੁਸਲਿਮ ਭਾਈਚਾਰੇ ਦੇ ਆਗੂ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਬਿਲਾਲ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਮਸਜਿਦ ਦੇ ਬਾਹਰ ਹੰਗਾਮਾ ਕੀਤਾ। ਇਸ ਤੋਂ ਬਾਅਦ ਸ਼ਾਮ ਨੂੰ ਕਰੀਬ 4:30 ਵਜੇ ਦੁਬਾਰਾ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਉਸ ਸਮੇਂ ਦੌਰਾਨ ਬਦਮਾਸ਼ਾਂ ਦੀ ਭੀੜ ਨੇ ਮਸਜਿਦ 'ਤੇ ਹਮਲਾ ਕਰ ਦਿੱਤਾ। ਮਸਜਿਦ ਤੇ ਨਮਾਜ਼ੀਆਂ 'ਤੇ ਪੱਥਰਾਂ ਦੇ ਨਾਲ-ਨਾਲ ਕੱਚ ਦੀਆਂ ਬੋਤਲਾਂ ਵੀ ਸੁੱਟੀਆਂ ਗਈਆਂ। ਇਸ ਵਿੱਚ ਭਾਈਚਾਰੇ ਦੇ 6 ਤੋਂ 7 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਆਗੂ ਨੇ ਦਾਅਵਾ ਕੀਤਾ ਕਿ ਇਸ ਹਮਲੇ ਦਾ ਸੁਨੇਹਾ ਯੂਪੀ ਤੋਂ ਆਇਆ ਸੀ। ਸਾਰਿਆਂ ਕੋਲ ਤਲਵਾਰਾਂ ਅਤੇ ਸ਼ਰਾਬ ਦੀਆਂ ਬੋਤਲਾਂ ਸਨ। ਪੁਲਿਸ 'ਤੇ ਵੀ ਹਮਲਾ ਕੀਤਾ ਗਿਆ।
ਦੂਜੇ ਪਾਸੇ ਤੋਂ ਲਕਸ਼ਮਣ ਨੇ ਕਿਹਾ ਕਿ ਮਸਜਿਦ ਤੋਂ ਕੁਝ ਦੂਰੀ 'ਤੇ ਹੋਲੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇੱਥੇ ਇੱਕ ਡੀਜੇ ਵੀ ਲਗਾਇਆ ਗਿਆ ਸੀ। ਇਸ ਦੌਰਾਨ ਸ਼ਾਮ 4:30 ਵਜੇ ਦੇ ਕਰੀਬ, ਮਸਜਿਦ ਤੋਂ ਉਨ੍ਹਾਂ 'ਤੇ ਇੱਟ ਸੁੱਟੀ ਗਈ। ਗਾਲ੍ਹਾਂ ਵੀ ਕੱਢੀਆਂ ਗਈਆਂ। ਇਸ 'ਤੇ ਅਸੀਂ ਸਵੈ-ਰੱਖਿਆ ਵਿੱਚ ਪੱਥਰ ਵੀ ਸੁੱਟੇ।
ਮੌਕੇ 'ਤੇ ਪਹੁੰਚੇ ਏਡੀਸੀਪੀ ਪੀਐਸ ਵਿਰਕ ਨੇ ਕਿਹਾ ਕਿ ਮਾਮੂਲੀ ਝਗੜਾ ਹੋਇਆ ਤੇ ਫਿਰ ਇੱਟਾਂ ਅਤੇ ਪੱਥਰ ਸੁੱਟੇ ਗਏ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ। ਹੁਣ ਸਥਿਤੀ ਆਮ ਵਾਂਗ ਹੈ। ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ। ਸਾਵਧਾਨੀ ਦੇ ਤੌਰ 'ਤੇ, ਉੱਥੇ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ।






















