Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ
ਅੱਜ ਪੰਜਾਬ ਪੁਲਿਸ ਨੇ ਧਰਮਿੰਦਰ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਜਿਸ ਨੇ 25 ਜਨਵਰੀ ਨੂੰ ਜਲੰਧਰ ਵਿੱਚ ਛਾਪੇਮਾਰੀ ਕਰਨ ਗਈ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸੀਆਈਏ ਸਟਾਫ ਟੀਮ 'ਤੇ ਫਾਇਰਿੰਗ ਕੀਤੀ ਸੀ।

Bulldozer Action: ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਹੈ। ਸੀਐਮ ਭਗਵੰਤ ਮਾਨ ਨੇ ਸਖਤ ਤੇਵਰ ਵਿਖਾਉਂਦਿਆਂ ਸਪਸ਼ਟ ਕਰ ਦਿੱਤੀ ਹੈ ਕਿ ਹੁਣ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਲਈ ਉਨ੍ਹਾਂ ਨੇ ਵੀ ਬੀਜੇਪੀ ਵਾਲਾ ਪੈਂਤੜਾ ਅਪਣਾ ਲਿਆ ਹੈ। ਭਾਵ ਹੁਣ ਨਾ ਵਕੀਲ, ਨਾ ਦਲੀਲ ਸਗੋਂ ਸਿੱਧਾ ਬੁਲਡੋਜ਼ਰ ਐਕਸ਼ਨ ਹੋਏਗਾ।
ਇਸ ਤਹਿਤ ਹੀ ਅੱਜ ਪੰਜਾਬ ਪੁਲਿਸ ਨੇ ਧਰਮਿੰਦਰ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਜਿਸ ਨੇ 25 ਜਨਵਰੀ ਨੂੰ ਜਲੰਧਰ ਵਿੱਚ ਛਾਪੇਮਾਰੀ ਕਰਨ ਗਈ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸੀਆਈਏ ਸਟਾਫ ਟੀਮ 'ਤੇ ਫਾਇਰਿੰਗ ਕੀਤੀ ਸੀ। ਘਟਨਾ ਤੋਂ ਕੁਝ ਦਿਨ ਬਾਅਦ ਸੀਆਈਏ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਵਿਰੁੱਧ ਰਾਮਾ ਮੰਡੀ ਪੁਲਿਸ ਸਟੇਸ਼ਨ ਵਿੱਚ ਬੀਐਨਐਸ ਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਨੇ ਪੁਲਿਸ ਪਾਰਟੀ 'ਤੇ ਕਈ ਗੋਲੀਆਂ ਚਲਾਈਆਂ ਸਨ। ਉਕਤ ਘਟਨਾ ਵਿੱਚ ਕਿਸੇ ਵੀ ਕਰਮਚਾਰੀ ਨੂੰ ਗੋਲੀ ਨਹੀਂ ਲੱਗੀ ਪਰ ਦੋ ਕਰਮਚਾਰੀ ਜ਼ਖਮੀ ਹੋ ਗਏ।
ਸੀਆਈਏ ਸਟਾਫ਼ ਦੇ ਕਰਮਚਾਰੀ ਏਐਸਆਈ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਰਮਿੰਦਰ ਪੁੱਤਰ ਮੋਹਨ ਲਾਲ, ਵਾਸੀ ਬਲਦੇਵ ਨਗਰ, ਰਾਮਾ ਮੰਡੀ, ਸ਼ੇਖਰ ਪੁੱਤਰ ਮੋਹਨ ਲਾਲ, ਵਾਸੀ ਜੈਮਲ ਨਗਰ, ਆਕਾਸ਼ ਸਹੋਤਾ ਉਰਫ਼ ਕਾਲੂ, ਵਾਸੀ ਲੰਮਾ ਪਿੰਡ, ਕਰਨ ਕੁਮਾਰ ਉਰਫ਼ ਕੰਨੀ, ਵਾਸੀ ਢੰਕੀਆ ਮੁਹੱਲਾ, ਰਵੀ ਕੁਮਾਰ ਪੁੱਤਰ ਰਜਿੰਦਰ ਕੁਮਾਰ, ਵਾਸੀ ਮੁਹੱਲਾ ਬਲਦੇਵ ਨਗਰ, ਮਨੀਸ਼ ਪੁੱਤਰ ਵਿਕਰਮ, ਵਾਸੀ ਵਿਨੈ ਨਗਰ, ਸ਼ਿਸ਼ਿਆ, ਰਿੱਤਈ, ਮਠੂ ਵਾਸੀ ਬਲਦੇਵ ਨਗਰ ਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਧਰਮਿੰਦਰ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸੀ ਜਿਸ ਕਾਰਨ ਸਿਟੀ ਪੁਲਿਸ ਟੀਮ ਨੇ ਉਸ ਵਿਰੁੱਧ ਇਹ ਕਾਰਵਾਈ ਕੀਤੀ।
ਸੀਆਈਏ ਸਟਾਫ ਦੇ ਏਐਸਆਈ ਗੁਰਵਿੰਦਰ ਸਿੰਘ ਨੇ ਕਿਹਾ ਸੀ ਕਿ ਸਾਥੀ ਏਐਸਆਈ ਬਲਕਾਰ ਸਿੰਘ ਤੇ ਹੋਰ ਕਰਮਚਾਰੀ ਛਾਪੇਮਾਰੀ ਲਈ ਗਏ ਸਨ। ਇਹ ਛਾਪਾ ਭਾਰਗਵ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਅਸਲਾ ਐਕਟ ਦੀ ਐਫਆਈਆਰ ਦੇ ਸਬੰਧ ਵਿੱਚ ਮਾਰਿਆ ਗਿਆ ਸੀ। ਜਦੋਂ ਟੀਮ ਛਾਪਾ ਮਾਰਨ ਲਈ ਪਹੁੰਚੀ ਤਾਂ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਹੈੱਡ ਕਾਂਸਟੇਬਲ ਲਲਿਤ ਕੁਮਾਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ ਜਿਸ ਵਿੱਚ ਕਰਮਚਾਰੀ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਦੋਸ਼ੀ ਆਪਣਾ ਹਥਿਆਰ ਲੈ ਕੇ ਮੌਕੇ ਤੋਂ ਭੱਜ ਗਿਆ।






















