ਪੜਚੋਲ ਕਰੋ
ਕਰਤਾਰਪੁਰ ਲਾਂਘੇ 'ਤੇ ਸਿੱਧੂ ਦੀ ਸੁਸ਼ਮਾ ਨਾਲ ਮੀਟਿੰਗ ਤੋਂ ਭੜਕੀ ਹਰਸਿਮਰਤ ਬਾਦਲ

ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਪਾਰਾ ਚੜ੍ਹ ਗਿਆ ਹੈ। ਇਸ ਮੁਲਾਕਾਤ ਕਰਕੇ ਸਭ ਤੋਂ ਵੱਧ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖਫਾ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਬਿਨਾ ਬੁਲਾਏ ਹੀ ਸੁਸ਼ਮਾ ਸਵਰਾਜ ਨੂੰ ਮਿਲਣ ਪਹੁੰਚ ਗਏ ਜਿੱਥੇ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਫਿਟਕਾਰ ਲਾਈ। ਉਂਝ ਇਸ ਬਾਰੇ ਸੁਸ਼ਮਾ ਸਵਰਾਜ ਨੇ ਖੁਦ ਕੁਝ ਵੀ ਸਪਸ਼ਟ ਨਹੀਂ ਕੀਤਾ। ਹਰਸਿਮਰਤ ਬਾਦਲ ਨੇ ਅੱਜ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਜਦੋਂ ਸਿੱਧੂ ਦੀ ਸੁਸ਼ਮਾ ਸਵਰਾਜ ਨਾਲ ਮੁਲਕਾਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਬੜਾ ਗੁੱਸਾ ਆਇਆ। ਉਨ੍ਹਾਂ ਨੇ ਤੁਰੰਤ ਸੁਸ਼ਮਾ ਸਵਰਾਜ ਨਾਲ ਗੱਲ਼ ਕੀਤੀ ਤਾਂ ਅੱਗਿਓਂ ਉਨ੍ਹਾਂ ਕਿਹਾ ਕਿ ਮੁਲਾਕਾਤ ਲਈ ਸਮਾਂ ਸਾਬਕਾ ਮੰਤਰੀ ਮਨੋਹਰ ਸਿੰਘ ਗਿੱਲ ਨੇ ਲਿਆ ਸੀ। ਨਵਜੋਤ ਸਿੱਧੂ ਤਾਂ ਉਨ੍ਹਾਂ ਦੇ ਨਾਲ ਆਏ ਸੀ। ਹਰਸਿਮਰਤ ਨੇ ਦਾਅਵਾ ਕੀਤਾ ਕਿ ਸੁਸ਼ਮਾ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਲਈ ਝਾੜ ਪਾਈ। ਹੈਰਾਨੀ ਦੀ ਗੱਲ਼ ਹੈ ਕਿ ਇਸ ਬਾਰੇ ਸੁਸ਼ਮਾ ਸਵਰਾਜ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਹਰਸਿਮਰਤ ਬਾਦਲ ਇਸ ਮੁਲਾਕਾਤ ਬਾਰੇ ਖੁਦ ਹੀ ਵੱਡੇ ਖੁਲਾਸੇ ਕਰ ਰਹੇ ਹਨ। ਹਰਸਿਮਰਤ ਬਾਦਲ ਨੇ ਸਿੱਧੂ 'ਤੇ ਇਲਜ਼ਾਮ ਲਾਇਆ ਕਿ ਉਹ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾ ਕੇ ਭਾਰਤ ਦੇ ਸ਼ਹੀਦਾਂ ਦਾ ਅਪਮਾਣ ਕੀਤਾ ਹੈ। ਕਾਬਲੇਗੌਰ ਹੈ ਕਿ ਸੋਮਵਾਰ ਨੂੰ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਨੂੰ ਇਸ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਅੱਗੇ ਵਧਾਉਣ ਲਈ ਕਿਹਾ ਹੈ। ਇਸ ਦੇ ਉਲਟ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ਵਿਦੇਸ਼ ਮੰਤਰੀ ਨੇ ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ‘ਉਲਝਾਉਣ’ ਲਈ ਸਿੱਧੂ ਨੂੰ ‘ਫਟਕਾਰ’ ਲਾਈ ਹੈ। ਹਰਸਿਮਰਤ ਬਾਦਲ ਨੇ ਦੋਸ਼ ਲਾਇਆ ਕਿ ਨਵਜੋਤ ਸਿੱਧੂ ਨੇ ਪਾਕਿ ਪ੍ਰਧਾਨ ਮੰਤਰੀ ਦੇ ਤਾਜਪੋਸ਼ੀ ਸਮਾਗਮ ਵਿੱਚ ਜਾਣ ਦੀ ਮਿਲੀ ਇਜਾਜ਼ਤ ਦਾ ‘ਗਲਤ ਫਾਇਦਾ’ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਾਕਿ ਫ਼ੌਜ ਮੁਖੀ ਨੂੰ ਗਲਵਕੜੀ ਪਾ ਕੇ ਕੈਬਨਿਟ ਮੰਤਰੀ ਨੇ ਫ਼ੌਜੀ ਜਵਾਨਾਂ ਦਾ ਅਪਮਾਨ ਕੀਤਾ ਹੈ। ਇਸੇ ਲਈ ਉਨ੍ਹਾਂ ਦੀ ਵਿਦੇਸ਼ ਮੰਤਰੀ ਨੇ ‘ਝਾੜਝੰਬ’ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















