ਪਟਿਆਲਾ 'ਚ ਕੋਰੋਨਾ ਧਮਾਕਾ : ਯੂਨੀਵਰਸਿਟੀ 'ਚ 122 ਵਿਦਿਆਰਥੀ ਮਿਲੇ ਓਮੀਕਰੋਨ ਪੌਜ਼ੇਟਿਵ
ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਵੀਰਵਾਰ ਨੂੰ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ 122 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਪਟਿਆਲਾ: ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਇਸ ਵੇਲੇ ਜਿਸ ਚੌਥੀ ਲਹਿਰ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ, ਉਹ ਪਟਿਆਲੇ ਵਿਚ ਦਿਖਾਈ ਦੇਣ ਲੱਗੀ ਹੈ। ਵੀਰਵਾਰ ਨੂੰ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ 122 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਹਾਲਾਂਕਿ ਕੋਰੋਨਾ ਪੌਜ਼ੇਟਿਵ ਆਏ ਵਿਦਿਆਰਥੀਆਂ 'ਚ ਕੋਈ ਵੀ ਮਾਮਲਾ ਗੰਭੀਰ ਨਹੀਂ ਪਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਤੇ ਯੂਨੀਵਰਸਿਟੀ 'ਚ ਕੋਰੋਨਾ ਦੇ ਵਿਵਹਾਰ ਨੂੰ ਲੈ ਕੇ ਸਖਤੀ ਵਧਾ ਦਿੱਤੀ ਗਈ ਹੈ।
ਯੂਨੀਵਰਸਿਟੀ ਦੇ ਡਾਕਟਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ 26 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਕਰੀਬ 150 ਵਿਦਿਆਰਥੀਆਂ ਦੇ ਸੈਂਪਲ ਲਏ, ਜਿਨ੍ਹਾਂ ਵਿੱਚੋਂ 7-8 ਕੇਸ ਸਾਹਮਣੇ ਆਏ ਹਨ। ਫਿਰ ਜਦੋਂ ਹਰ ਕਿਸੇ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਗਏ ਤਾਂ ਇਹ ਅੰਕੜਾ ਵਧ ਗਿਆ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ 800 ਦੇ ਕਰੀਬ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ। ਇਨ੍ਹਾਂ ਵਿੱਚੋਂ 122 ਵਿਦਿਆਰਥੀਆਂ ਦੇ ਕੋਰੋਨਾ ਸੰਕਰਮਣ ਹੋਣ ਦੀ ਪੁਸ਼ਟੀ ਹੋਈ ਹੈ।
ਯੂਨੀਵਰਸਿਟੀ ਦੇ ਡਾਕਟਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੇ ਸੈਂਪਲ ਪੌਜ਼ੇਟਿਵ ਆਏ ਹਨ, ਉਨ੍ਹਾਂ ਵਿੱਚ ਓਮੀਕਰੋਨ ਦੇ ਦੋ ਰੂਪ ਬੀਏ-2 ਅਤੇ ਬੀਏ-3 ਪਾਏ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਵਿਦਿਆਰਥੀਆਂ ਦੇ ਨਮੂਨੇ ਕੋਰੋਨਾ ਪਾਜ਼ੇਟਿਵ ਹਨ ਪਰ ਉਨ੍ਹਾਂ ਵਿੱਚ ਲੱਛਣ ਬਹੁਤ ਮਾਮੂਲੀ ਹਨ। ਬਹੁਤ ਘੱਟ ਵਿਦਿਆਰਥੀ ਹਨ ,ਜਿਨ੍ਹਾਂ ਨੂੰ ਦੋ ਦਿਨਾਂ ਤੋਂ ਬੁਖਾਰ ਦੇ ਨਾਲ-ਨਾਲ ਸਰੀਰ ਵਿੱਚ ਦਰਦ ਸੀ। ਬਾਕੀ ਵਿਦਿਆਰਥੀਆਂ ਨੂੰ ਬਹੁਤਾ ਫੀਲ ਨਹੀਂ ਹੋਇਆ। ਨਵੇਂ ਵੇਰੀਐਂਟ XE ਬਾਰੇ ਪੁੱਛੇ ਜਾਣ 'ਤੇ ਡਾਕਟਰਾਂ ਨੇ ਕਿਹਾ ਕਿ ਨਵਾਂ ਵੇਰੀਐਂਟ ਨਹੀਂ ਪਾਇਆ ਗਿਆ ਹੈ, ਸਿਰਫ ਓਮੀਕਰੋਨ ਦੇ ਲੱਛਣ ਹੀ ਸਾਹਮਣੇ ਆਏ ਹਨ।