ਪੰਜਾਬ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਆਇਆ ਸਾਹਮਣੇ, ਤਾਜ਼ਾ ਰਿਪੋਰਟ ਮੁਤਾਬਕ 52,656 ਵਾਧੂ ਮੌਤਾਂ
ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ’ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ 52,656 ਵਾਧੂ ਜਾਨਾਂ ਲੈ ਲਈਆਂ ਹਨ।
ਚੰਡੀਗੜ੍ਹ: ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ’ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ 52,656 ਵਾਧੂ ਜਾਨਾਂ ਲੈ ਲਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਕੋਵਿਡ-19 ਕਰਕੇ ਹੋਈਆਂ ਹਨ। ਇਹ ਪ੍ਰਗਟਾਵਾ ਰਾਜ ਸਰਕਾਰ ਵੱਲੋਂ ਜਾਰੀ ਤਾਜ਼ਾ ਰਿਪੋਰਟ ’ਚ ਕੀਤਾ ਗਿਆ ਹੈ।
‘ਸਿਵਲ ਰਜਿਸਟ੍ਰੇਸ਼ਨ ਸਿਸਟਮ’ ਦੇ ਆਧਾਰ ’ਤੇ ਤਿਆਰ ਕੀਤੀ ਗਈ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਵਾਧੂ ਮੌਤਾਂ ਬਾਕਾਇਦਾ ਦਰਜ ਹੋਈਆਂ ਕੋਵਿਡ ਮੌਤਾਂ ਦਾ 2.8 ਗੁਣਾ ਵੱਧ ਹੋ ਸਕਦੀਆਂ ਹਨ ਪਰ ਰਾਜ ਸਰਕਾਰ ਦਾ ਕਹਿਣਾ ਹੈ ਕਿ ਜੇ ਹੋਰ ਰਾਜਾਂ ਨੂੰ ਵੇਖੀਏ, ਤਾਂ ਪੰਜਾਬ ਵਿੱਚ ਮੌਤਾ ਦਾ ਅਨੁਪਾਤ ਘੱਟ ਹੈ।
ਸਾਲ 2016 ਤੋਂ ਲੈ ਕੇ 2019 ਤੱਕ ਦਰਜ ਹੋਈਆਂ ਔਸਤ ਮੌਤਾਂ ਦੀ ਗਿਣਤੀ ਦੇ ਆਧਾਰ ਉੱਤੇ ਮਾਰਚ 2020 ਤੋਂ ਲੈ ਕੇ ਜੂਨ 2021 ਤੱਕ ਦੇ ਵਿਚਕਾਰਲੇ ਸਮੇਂ ਦੌਰਾਨ 2 ਲੱਖ 81 ਹਜ਼ਾਰ 517 ਮੌਤਾਂ ਹੋਣ ਦੀ ਸੰਭਾਵਨਾ ਸੀ ਪਰ ਅਸਲ ’ਚ ਪੰਜਾਬ ਵਿੱਚ 3,34,173 ਮੌਤਾਂ ਹੋਈਆਂ, ਜੋ 52,656 ਵੱਧ ਹਨ। ਮਹਾਮਾਰੀ ਦੇ ਇਸ ਸਮੇਂ ਦੌਰਾਨ ਮੌਤਾਂ ਦੀ ਗਿਣਤੀ ਵਿੱਚ ਇਹ 18.7 ਫ਼ੀਸਦੀ ਦਾ ਵਾਧਾ ਹੈ।
ਮਾਰਚ 2020 ਤੋਂ ਲੈ ਕੇ ਜੂਨ 2021 ਦੌਰਾਨ ਕੋਰੋਨਾ ਵਾਇਰਸ ਕਾਰਣ ਪੰਜਾਬ ਵਿੱਚ 16,052 ਮੌਤਾਂ ਹੋਈਆਂ। ਇੰਝ ਇਨ੍ਹਾਂ ‘ਵਾਧੂ ਮੌਤਾਂ’ ਵਿੱਚ ਕੋਰੋਨਾ ਮਹਾਮਾਰੀ ਵੀ ਵੱਡਾ ਕਾਰਨ ਹੈ। ਵਧੇਰੇ ਮੌਤਾਂ ਮਈ ਤੋਂ ਦਸੰਬਰ 2020 ਦੌਰਾਨ ਹੋਈਆਂ ਤੇ ਇੰਝ ਹੀ ਮਾਰਚ ਤੋਂ ਮਈ 2021 ਦੌਰਾਨ ਵਧੇਰੇ ਮੌਤਾਂ ਹੋਈਆਂ। ਇਨ੍ਹਾਂ ’ਚੋਂ 30.5% ਮੌਤਾਂ ਕੋਰੋਨਾ ਕਰਕੇ ਹੋਈਆਂ ਹਨ।
ਪੰਜਾਬ ’ਚ ਕੋਵਿਡ ਮੌਤਾਂ ਦੀ ਘੱਟ ਪ੍ਰਤੀਸ਼ਤਤਾ ਦਾ ਕਾਰਨ ਕੋਰੋਨਾ ਦੇ ਮਾਮਲੇ ਕੋਰੋਨਾ ਦੇ ਗ਼ੈਰ ਦਰਜ ਮਾਮਲੇ ਹੋ ਸਕਦਾ ਹੈ। ਰਿਪੋਰਟ ਅਨੁਸਾਰ ਵਿਵਹਾਰ ਕਾਰਣ ਪੈਦਾ ਹੋਇਆ ਸਿਹਤ ਸੰਕਟ ਵੀ ਇਸ ਦਾ ਕਾਰਣ ਹੋ ਸਕਦਾ ਹੈ।
ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਸਾਬਕਾ ਮੁਖੀ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਕੋਵਿਡ ਮੌਤਾਂ ਦੀ ਗਿਣਤੀ ਕੁਝ ਬਿਹਤਰ ਹੈ। ਪੰਜਾਬ ਹੀ ਅਜਿਹਾ ਪਹਿਲਾ ਸੂਬਾ ਹੈ, ਜਿਸ ਨੇ ਅਧਿਕਾਰਤ ਤੌਰ ਉੱਤੇ ਅਤੇ ਪਾਰਦਰਸ਼ੀ ਤਰੀਕੇ ਨਾਲ ਮਹਾਮਾਰੀ ਦੀ ਸਥਿਤੀ ਕਾਰਣ ਹੋਈਆਂ ਮੌਤਾਂ ਦਾ ਸਹੀ ਅੰਕੜਾ ਜੱਗ-ਜ਼ਾਹਿਰ ਕੀਤਾ ਹੈ।
ਦੱਸ ਦੇਈਏ ਕਿ ਕੋਰੋਨਾ-ਵਾਇਰਸ ਕਾਰਨ ਪੰਜਾਬ ’ਚ ਪਹਿਲੀ ਮੌਤ ਪਿਛਲੇ ਸਾਲ 19 ਮਾਰਚ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ’ਚ ਹੋਈ ਸੀ।