ਕਿਸਾਨਾਂ 'ਤੇ ਕੋਰੋਨਾ ਦੀ ਮਾਰ: ਹਾੜ੍ਹੀ ਦੀਆਂ ਫਸਲਾਂ ਦਾ ਕੀ ਬਣੂੰ, ਅਜੇ ਤੱਕ ਨਹੀਂ ਹੋਇਆ ਕੋਈ ਪ੍ਰਬੰਧ
ਹਾੜ੍ਹੀ ਦੀਆਂ ਫਸਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੰਡੀਆਂ ‘ਚ ਆਉਣ ਲਈ ਤਿਆਰ ਹਨ, ਜਿਨ੍ਹਾਂ ‘ਚ ਕਣਕ, ਛੋਲੇ, ਸਰ੍ਹੋਂ ਤੇ ਧਨੀਆ ਵਰਗੀਆਂ ਫਸਲਾਂ ਮੁੱਖ ਹਨ ਪਰ ਮੰਡੀਆਂ ਬੰਦ ਹੋਣ ਕਾਰਨ ਕਿਸਾਨਾਂ ਦੀ ਹਾਲਤ ਖ਼ਰਾਬ ਹੈ।
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਲਾਗੂ ਕੀਤੇ ਗਏ ਦੇਸ਼ ਵਿਆਪੀ ਲੌਕਡਾਊਨ ਨਾਲ ਕਿਸਾਨਾਂ ਦੀ ਆਰਥਿਕਤਾ ਵਿਗੜ ਸਕਦੀ ਹੈ। ਸਾਰੀਆਂ ਮੰਡੀਆਂ ਪੂਰੇ ਸੀਜ਼ਨ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਅਜਿਹੀ ਸਥਿਤੀ ‘ਚ ਹਾੜ੍ਹੀ ਦੀਆਂ ਫਸਲਾਂ ਲੈ ਕੇ ਕਿਸਾਨ ਕਿੱਥੇ ਜਾਣਗੇ? ਇਸ ਲਈ ਤੁਰੰਤ ਸਰਕਾਰੀ ਮਦਦ ਦੀ ਲੋੜ ਹੈ।
ਦੇਸ਼ ਵਿੱਚ ਸਾਉਣੀ ਦੇ ਮੌਸਮ ਵਿੱਚ ਭਾਰੀ ਬਾਰਸ਼ ਕਾਰਨ ਪਹਿਲਾਂ ਸੋਇਆਬੀਨ ਤੇ ਮੂੰਗਫਲੀ ਸਮੇਤ ਕਈ ਸਥਾਨਕ ਫਸਲਾਂ ਨਸ਼ਟ ਹੋ ਗਈਆਂ ਸੀ। ਇਸ ਕਾਰਨ ਹਾੜੀ ਦੇ ਮੌਸਮ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨ ਫਸਲਾਂ ਵੇਚ ਕੇ ਕਰਜ਼ਾ ਮੋੜਨ ਦੀ ਫਿਰਾਕ ‘ਚ ਹੈ ਪਰ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਮੰਡੀਆਂ ਬੰਦ ਹਨ, ਉਧਰ ਦੂਜੇ ਪਾਸੇ ਕੀਮਤਾਂ ਘਟ ਰਹੀਆਂ ਹਨ।
ਦੱਸ ਦਈਏ ਕਿ 1 ਅਪ੍ਰੈਲ ਤੋਂ ਮੰਡੀਆਂ ‘ਚ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਸਾਰੇ ਕਿਸਾਨ ਇੰਤਜ਼ਾਰ ਕਰਦੇ ਹਨ ਪਰ ਕੋਰੋਨਾ ਦੇ ਪ੍ਰਭਾਵ ਤੇ ਲੌਕਡਾਊਨ ਕਾਰਨ ਦੇਸ਼ ਦੇ ਸਾਰੇ ਸੂਬਿਆਂ ਦੀਆਂ ਮੰਡੀਆਂ 14 ਅਪ੍ਰੈਲ ਤੱਕ ਬੰਦ ਰਹਿਣਗੀਆਂ। ਇਨ੍ਹਾਂ ਸਥਿਤੀਆਂ ਵਿੱਚ ਸਥਾਨਕ ਛੋਟੇ ਵਪਾਰੀਆਂ ਨੇ ਨਕਦੀ ਦੀ ਮੰਗ ਕਰਨ ਵਾਲੇ ਕਿਸਾਨਾਂ ਤੋਂ ਇੱਕ ਤਿਮਾਹੀ ਕੀਮਤ ‘ਤੇ ਖਰੀਦ ਸ਼ੁਰੂ ਕਰ ਦਿੱਤੀ ਹੈ। ਵਪਾਰੀ ਪਹਿਲਾਂ ਤੋਂ ਪੈਸਿਆਂ ਦਾ ਭੁਗਤਾਨ ਕਰ ਰਹੇ ਹਨ, ਜਦੋਂਕਿ ਝਾੜ ਬਾਜ਼ਾਰ ਦੇ ਖੁਲ੍ਹਣ ਤੋਂ ਬਾਅਦ ਆਵੇਗਾ।
ਪੰਜਾਬ ਤੇ ਹਰਿਆਣਾ ‘ਚ ਕਣਕ ਦੀ ਖਰੀਦ ਆਮ ਤੌਰ 'ਤੇ ਵਿਸਾਖੀ (13 ਅਪ੍ਰੈਲ) ਤੋਂ ਬਾਅਦ ਹੀ ਹੁੰਦੀ ਹੈ। ਜਦੋਂਕਿ ਸਰਕਾਰ ਨੂੰ ਖੇਤੀ ਸੈਕਟਰ ਦੀ ਵਿਕਾਸ ਦਰ ਨੂੰ ਬਣਾਈ ਰੱਖਣ ਲਈ ਕੁਝ ਠੋਸ ਪਹਿਲਕਦਮੀਆਂ ਕਰਨ ਦੀ ਲੋੜ ਹੈ। ਮੰਡੀਆਂ ਨੂੰ ਇੱਕ ਨਿਸ਼ਚਤ ਸਮੇਂ ਲਈ ਖੋਲ੍ਹਣ ਦੀ ਜ਼ਰੂਰਤ ਹੈ, ਜਿੱਥੇ ਨਿਸ਼ਚਤ ਸਮੇਂ ਲਈ ਪਛਾਣੇ ਗਏ ਪਿੰਡਾਂ ਅਤੇ ਕਿਸਾਨਾਂ ਦੀ ਉਪਜ ਖਰੀਦ ਕੀਤੀ ਜਾ ਸਕੇ। ਇਸ ਨਾਲ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਤੋਂ ਵੀ ਬਚਿਆ ਜਾ ਸਕਦਾ ਹੈ।