NCRB ਤੋਂ Punjab Police ਦੀ ਸਾਇਬਰ ਸੈਲ ਨੂੰ ਮਿਲਿਆ ਪਹਿਲਾ ਇਨਾਮ
ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਵੱਟਸਐਪ ਧੋਖਾਧੜੀ ਨਾਲ ਸਬੰਧਤ ਕੇਸਾਂ ਨੂੰ ਸਫਲਤਾਪੂਰਵਕ ਸੁਲਝਾਉਣ ਲਈ ਪਹਿਲਾ ਇਨਾਮ ਜਿੱਤਿਆ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਵੱਟਸਐਪ ਧੋਖਾਧੜੀ ਨਾਲ ਸਬੰਧਤ ਕੇਸਾਂ ਨੂੰ ਸਫਲਤਾਪੂਰਵਕ ਸੁਲਝਾਉਣ ਲਈ ਪਹਿਲਾ ਇਨਾਮ ਜਿੱਤਿਆ ਹੈ। ਇਨ੍ਹਾਂ ਮਾਮਲਿਆਂ ਵਿੱਚ, ਧੋਖੇਬਾਜ਼ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਵਟਸਐਪ ਪ੍ਰੋਫਾਈਲਾਂ 'ਤੇ ਵੀਵੀਆਈਪੀ ਲੋਕਾਂ ਦੀਆਂ ਪ੍ਰੋਫਾਈਲ ਤਸਵੀਰਾਂ ਅਤੇ ਉਨ੍ਹਾਂ ਦੇ ਨਾਮ ਦੀ ਵਰਤੋਂ ਕਰ ਰਹੇ ਸਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਬੁੱਧਵਾਰ ਨੂੰ ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਹ ਪੁਰਸਕਾਰ 31 ਅਗਸਤ ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੁਆਰਾ ਆਯੋਜਿਤ ਰਾਜ ਸਾਈਬਰ ਨੋਡਲ ਅਫਸਰਾਂ ਦੀ ਰਾਸ਼ਟਰੀ ਕਾਨਫਰੰਸ ਵਿੱਚ ਪ੍ਰਦਾਨ ਕੀਤਾ ਗਿਆ ਸੀ।
ਏਡੀਜੀਪੀ (ਸਾਈਬਰ ਕਰਾਈਮ) ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਐੱਨਸੀਆਰਬੀ ਨੂੰ ਸਾਈਬਰ ਅਪਰਾਧ ਦੀ ਜਾਂਚ ਨਾਲ ਸਬੰਧਤ 100 ਤੋਂ ਵੱਧ ਕੇਸ ਸਟੱਡੀਜ਼ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਬੰਧਤ 10 ਕੇਸ ਸਟੱਡੀਜ਼ ਨੈਸ਼ਨਲ ਕਾਨਫਰੰਸ ਵਿੱਚ ਪੇਸ਼ਕਾਰੀ ਲਈ ਚੁਣੇ ਗਏ ਸਨ। ਪੰਜਾਬ ਦੀ ਕੇਸ ਸਟੱਡੀ ਨੂੰ ਪਹਿਲਾ ਇਨਾਮ ਦਿੱਤਾ ਗਿਆ। ਐੱਨਸੀਆਰਬੀ ਦੇ ਡਾਇਰੈਕਟਰ ਵਿਵੇਕ ਗੋਗੀਆ ਨੇ ਪੰਜਾਬ ਪੁਲੀਸ ਦੇ ਡੀਐੱਸਪੀ ਸਾਈਬਰ ਕ੍ਰਾਈਮ ਦੀਪਕ ਸਿੰਘ ਨੂੰ ਐਵਾਰਡ ਭੇਟ ਕੀਤਾ। ਡੀਐੱਸਪੀ ਦੇ ਨਾਲ ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਜ਼ੋਰਾਵਰ ਸਿੰਘ ਵੀ ਮੌਜੂਦ ਸਨ।
ਤੁਹਾਨੂੰ ਦੱਸ ਦੇਈਏ ਕਿ ਜੁਲਾਈ 2022 ਵਿੱਚ, ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਤਿੰਨ ਨਾਈਜੀਰੀਅਨਾਂ ਦੀ ਗ੍ਰਿਫ਼ਤਾਰੀ ਦੇ ਨਾਲ ਇੱਕ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਜੋ ਸਰਕਾਰੀ ਅਧਿਕਾਰੀਆਂ ਅਤੇ ਹੋਰਾਂ ਨੂੰ ਧੋਖਾ ਦੇਣ ਲਈ ਵਟਸਐੱਪ 'ਤੇ ਵੀਵੀਆਈਪੀਜ਼ ਦੇ ਨਾਂਅ ਅਤੇ ਉਨ੍ਹਾਂ ਦੀਆਂ ਪ੍ਰੋਫਾਈਲ ਫੋਟੋਆਂ ਦੀ ਵਰਤੋਂ ਕਰ ਰਹੇ ਸਨ। NCRB ਦੇ ਅੰਕੜਿਆਂ ਮੁਤਾਬਕ ਸਿਰਫ਼ ਦੋ ਸਾਲਾਂ 'ਚ ਸਾਈਬਰ ਅਪਰਾਧ ਦੇ ਮਾਮਲਿਆਂ 'ਚ ਵਾਧਾ ਲਗਭਗ ਦੁੱਗਣਾ ਹੋ ਗਿਆ ਹੈ। ਸਾਲ 2018 'ਚ ਸਾਈਬਰ ਅਪਰਾਧ ਦੇ ਕੁੱਲ 27,248 ਮਾਮਲੇ ਦਰਜ ਕੀਤੇ ਗਏ ਸਨ, ਜਦਕਿ 2020 'ਚ ਇਹ 50 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ ਸੀ। ਰਾਜਾਂ ਦੀ ਪੁਲਿਸ ਨੂੰ ਦਿਨੋ-ਦਿਨ ਤੇਜ਼ੀ ਨਾਲ ਵੱਧ ਰਹੇ ਸਾਈਬਰ ਅਪਰਾਧ ਨੂੰ ਰੋਕਣ ਲਈ ਬਿਹਤਰ ਢੰਗ-ਤਰੀਕਿਆਂ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕਰਨੀ ਪਵੇਗੀ।